ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵਿਸ਼ੇਸ਼ ਸਨਮਾਨ

ਨਵਾਂ ਸ਼ਹਿਰ, 27 ਜਨਵਰੀ  : ਪੰਜਾਬ ਸਰਕਾਰ ਨੇ ਅੱਜ ਦੇਸ਼ ਦੇ 74ਵੇਂ ਗਣਤੰਤਰ ਦਿਹਾੜੇ ਮੌਕੇ ਮਨੁੱਖਤਾ ਲਈ ਸਿਹਤ ਸੇਵਾਵਾਂ ਵਿਚ ਬੇਮਿਸਾਲ ਯੋਗਦਾਨ ਪਾਉਣ ਅਤੇ ਸ਼ਲਾਘਾਯੋਗ ਕੰਮ ਕਰਨ ਲਈ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਦੇ ਚਾਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਹੈ। ਪੰਜਾਬ ਦੇ ਟਰਾਂਸਪੋਰਟ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ ਵਿਖੇ ਮਨਾਏ ਜਾ ਰਹੇ ਦੇਸ਼ ਦੇ 74ਵੇਂ ਗਣਤੰਤਰ ਦਿਹਾੜੇ ਮੌਕੇ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਪ੍ਰਤੀਬੱਧਤਾ ਨਾਲ ਨਿਭਾਉਣ ਲਈ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ, ਪੀ.ਐੱਚ.ਸੀ. ਮੁਜ਼ੱਫਰਪੁਰ ਦੇ ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਸੀਨੀਅਰ ਅਸਿਸਟੈਂਟ ਤਰੁਣ ਦੁੱਗਲ, ਸੀ.ਐੱਚ.ਸੀ. ਮੁਕੰਦਪੁਰ ਦੀ ਏ.ਐੱਨ.ਐੱਮ. ਜਗਜੀਤ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ। ਇਸ ਮੌਕੇ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਮਨੁੱਖਤਾ ਦੀ ਸੇਵਾ ਵਿੱਚ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬੇਮਿਸਾਲ ਯੋਗਦਾਨ ਨੂੰ ਸਲਾਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਵਚਨਬੱਧਤਾ ਅਤੇ ਸਮਰਪਿਤ ਕੋਸ਼ਿਸ਼ਾਂ ਸਦਕਾ, ਜ਼ਿਲ੍ਹਾ ਸਿਹਤ ਵਿਭਾਗ ਆਮ ਲੋਕਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਆਪਣੇ-ਆਪ ਵਿੱਚ ਇਕ ਵੱਡੀ ਮਿਸਾਲ ਹੈ।ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਮਿਲੇ ਸਨਮਾਨ ਦਾ ਸਿਹਰਾ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਿਰ ਬੰਨ੍ਹਿਆ ਹੈ। ਉਨ੍ਹਾਂ ਨੇ ਸਮੁੱਚੇ ਸਟਾਫ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਹਰ ਕੰਮ ਟੀਮ ਵਰਕ ਨਾਲ ਹੁੰਦਾ ਹੈ। ਇਹ ਸਨਮਾਨ ਪੂਰੇ ਸਿਹਤ ਵਿਭਾਗ ਦੀ ਸਾਂਝੀ ਕਾਰਗੁਜ਼ਾਰੀ ਦੀ ਝਲਕ ਹੈ।