ਸਪੀਕਰ ਸੰਧਵਾਂ ਨੇ ਵਿਧਾਇਕ ਡਾ. ਰਵਜੋਤ ਦੀ ਮਾਤਾ ਸੁਰਿੰਦਰ ਕੌਰ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ

ਹੁਸ਼ਿਆਰਪੁਰ, 5 ਸਤੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ ਦੇ ਮਾਤਾ ਸੁਰਿੰਦਰ ਕੌਰ ਦੇ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਪੀਕਰ ਸੰਧਵਾਂ ਨੇ ਅੱਜ  ਹੁਸ਼ਿਆਰਪੁਰ ਦੇ ਟੈਗੋਰ ਨਗਰ ਵਿਖੇ ਡਾ. ਰਵਜੋਤ ਦੇ ਨਿਵਾਸ ਅਸਥਾਨ ’ਤੇ ਪੁੱਜ ਕੇ ਡਾ. ਰਵਜੋਤ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮਾਂ ਦਾ ਰਿਸ਼ਤਾ ਦੁਨਿਆਵੀ ਰਿਸ਼ਤਿਆਂ ਵਿਚੋਂ ਸਭ ਤੋਂ ਪਵਿੱਤਰ ਰਿਸ਼ਤਾ ਹੈ ਅਤੇ ਮਾਂ ਦਾ ਸੰਸਾਰ ਤੋਂ ਤੁਰ ਜਾਣਾ ਬੱਚਿਆਂ ਲਈ ਬੇਹੱਦ ਪੀੜਾਮਈ ਹੁੰਦਾ ਹੈ।  ਉਨ੍ਹਾਂ ਕਿਹਾ ਕਿ ਇਕ ਮਾਂ ਦਾ ਜ਼ਿੰਦਗੀ ਵਿਚੋਂ ਜਾਣਾ ਜੀਵਨ ਵਿਚੋਂ ਸਭ ਤੋਂ ਵੱਡੀ ਨਾ ਪੂਰੀ ਹੋਣ ਵਾਲੀ ਕਮੀ ਹੈ।  ਉਨ੍ਹਾਂ ਕਿਹਾ ਕਿ ਇਨਸਾਨ ਜ਼ਿੰਦਗੀ ਵਿਚ ਜਿੰਨਾ ਮਰਜ਼ੀ ਉੱਚਾ ਉੱਠ ਜਾਵੇ ਅਤੇ ਭਾਵੇਂ ਕਿੰਨਾ ਵੀ ਵੱਡਾ ਰੁਤਬਾ ਹਾਸਲ ਕਰ ਲਵੇ, ਪਰ ਮਾਂ ਲਈ ਉਹ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਸੁਰਿੰਦਰ ਕੌਰ ਦਾ ਵਿਛੋੜਾ ਸੱਚਮੁੱਚ ਬਹੁਤ ਦੁਖਦਾਈ ਹੈ। ਉਨ੍ਹਾਂ ਅਰਦਾਸ ਕੀਤੀ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਜ਼ਿਕਰਯੋਗ ਹੈ ਕਿ ਮਾਤਾ ਸੁਰਿੰਦਰ ਕੌਰ (76) ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ। ਇਸ ਮੌਕੇ ਆਰਥਿਕ ਨੀਤੀ ਤੇ ਯੋਜਨਾ ਬੋਰਡ ਅਤੇ ਸੋਨਾਲੀਕਾ ਦੇ ਵਾਈਸ ਚੇਅਰਮੈਨ ਅਮ੍ਰਿਤ ਸਾਗਰ ਮਿੱਤਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਆਮ ਆਦਮੀ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਵੀ ਮੌਜੂਦ ਸਨ।