ਮਨੁੱਖਤਾ ਦੀ ਸੇਵਾ ਵਿਚ ਅਹਿਮ ਯੋਗਦਾਨ ਦੇ ਰਹੀਆਂ ਹਨ ਸਮਾਜ ਸੇਵੀ ਸੰਸਥਾਵਾਂ : ਬ੍ਰਮ ਸ਼ੰਕਰ ਜਿੰਪਾ

  • ਕੈਬਨਿਟ ਮੰਤਰੀ ਨੇ ਮਾਨਵਤਾ ਦੀ ਸੇਵਾ ਸੁਸਾਇਟੀ ਵੱਲੋਂ ਕਰਵਾਏ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਵਿਚ ਕੀਤੀ ਸ਼ਿਰਕਤ

ਹੁਸ਼ਿਆਰਪੁਰ, 20 ਨਵੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਮਨੁੱਖਤਾ ਦੀ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੀਆਂ ਹਨ ਅਤੇ ਅਜਿਹੀਆਂ ਸੰਸਥਾਵਾਂ ਦਾ ਸਾਨੂੰ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ। ਉਹ ਬਲਾਕ ਟਾਂਡਾ ਦੇ ਪਿੰਡ ਬੱਸੀ ਕਲਾਂ ਵਿਖੇ ਮਾਨਵਤਾ ਸੇਵਾ ਸੁਸਾਇਟੀ ਵੱਲੋਂ ਦੋ ਲੋੜਵੰਦ ਲੜਕੀਆਂ ਦੇ ਵਿਆਹ ਸਮਾਗਮ ਵਿਚ ਸ਼ਿਰਕਤ ਕਰ ਰਹੇ ਸਨ। ਉਨ੍ਹਾਂ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਸੁਖੀ ਗ੍ਰਹਿਸਥੀ ਜੀਵਨ ਦੀ ਕਾਮਨਾ ਕੀਤੀ।  ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਸੰਸਥਾਵਾਂ ਨੂੰ ਸਲਾਮ ਕਰਦੇ ਹਨ, ਜੋ ਦਿਨ-ਰਾਤ ਮਨੁੱਖਤਾ ਦੀ ਸੇਵਾ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਮਾਨਵਤਾ ਸੇਵਾ ਸੁਸਾਇਟੀ 13 ਤੋਂ ਵੱਧ ਲੋੜਵੰਦ ਲੜਕੀਆਂ ਦੇ ਵਿਆਹ ਕਰਵਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਸੁਸਾਇਟੀ ਨੇ ਜਿਥੇ ਕਈ ਖ਼ੂਨਦਾਨ ਕੈਂਪ ਲਗਾਏ ਹਨ ਉਥੇ ਹੜ੍ਹ ਪੀੜਤਾਂ ਲਈ ਵੀ ਅੱਗੇ ਹੋ ਕੇ ਕੰਮ ਕੀਤਾ ਹੈ। ਇਸ ਤੋਂ ਇਲਾਵਾ ਇਹ ਸੁਸਾਇਟੀ ਆਵਾਰਾ ਪਸ਼ੂਆਂ ਦੇ ਇਲਾਜ ਲਈ ਵੀ ਕੰਮ ਕਰ ਰਹੀ ਹੈ। ਉਨ੍ਹਾਂ ਇਸ ਮੌਕੇ ਮਨੁੱਖਤਾ ਦੇ ਭਲਾਈ ਕਾਰਜਾਂ ਲਈ ਸੁਸਾਇਟੀ ਨੂੰ 51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੀਆਂ ਸੰਸਥਾਵਾਂ ਦੀ ਹਰ ਸੰਭਵ ਮਦਦ ਕਰਨ ਲਈ ਹਮੇਸ਼ਾ ਤੱਤਪਰ ਹੈ। ਇਸ ਮੌਕੇ ਸੁਸਾਇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।