ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ 17 ਲੱਖ 61 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਹੋ ਚੁੱਕੀ ਹੈ ਖਰੀਦ : ਕਟਾਰੂਚੱਕ

  • ਖੁਰਾਕ, ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਅਤੇ ਵਣ ਤੇ ਜੰਗਲੀ ਜੀਵ ਮੰਤਰੀ ਨੇ ਦਾਣਾ ਮੰਡੀ ਟਾਂਡਾ ਅਤੇ ਮੁਕੇਰੀਆਂ ’ਚ ਲਿਆ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ
  • ਕਿਹਾ, ਕਿਸਾਨਾਂ ਨੂੰ ਹੁਣ ਤੱਕ ਕੀਤੀ ਜਾ ਚੁੱਕੀ ਹੈ 2350 ਕਰੋੜ ਰੁਪਏ ਦੀ ਅਦਾਇਗੀ
  • ਪੰਜਾਬ ’ਚ ਝੋਨੇ ਦੀ ਸੁਚਾਰੂ ਖਰੀਦ, ਨਾਲ-ਨਾਲ ਲਿਫਟਿੰਗ ਤੇ ਅਦਾਇਗੀ ਦੇ ਕੀਤੇ ਪੁਖਤਾ ਪ੍ਰਬੰਧ : ਕਟਾਰੂਚੱਕ
  • ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ ਕਰੀਬ 18 ਲੱਖ 72 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਹੋਈ ਆਮਦ

ਟਾਂਡਾ, 14 ਅਕਤੂਬਰ : ਖੁਰਾਕ, ਸਿਵਲ ਸਪਲਾਈ ਤੇ ਉਪਭੋਗਤਾ ਮਾਮਲੇ ਅਤੇ ਵਣ ਤੇ ਜੰਗਲੀ ਜੀਵ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਟਾਂਡਾ ਤੇ ਮੁਕੇਰੀਆਂ ਦਾਣਾ ਮੰਡੀਆਂ ਵਿਚ ਪਹੁੰਚ ਕੇ ਝੋਨੇ ਦੀ ਖਰੀਦ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਵਿਧਾਇਕ ਉੜਮੁੜ ਜਸਵੀਰ ਸਿੰਘ ਰਾਜਾ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਹਲਕਾ ਇੰਚਾਰਜ ਮੁਕੇਰੀਆਂ ਪ੍ਰੋ: ਜੀ.ਐਸ. ਮੁਲਤਾਨੀ, ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ ਹਰਜੀਤ ਸਿੰਘ ਸਹੋਤਾ, ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੂਰੇ ਸੂਬੇ ਵਿਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਉਹ ਖੁਦ ਮੰਡੀਆਂ ਵਿਚ ਪਹੁੰਚ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀਆਂ 1854 ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਸੀਜ਼ਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿਚ 18 ਲੱਖ 72 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ 17 ਲੱਖ 61 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਮੰਡੀਆਂ ਵਿਚ ਖਰੀਦ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ 2350 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਿਫਟਿੰਗ ਤੇ ਖਰੀਦ ਕੀਤੇ ਗਏ ਝੋਨੇ ਦੀ 24 ਘੰਟੇ ਵਿਚ ਅਦਾਇਗੀ ਯਕੀਨੀ ਬਣਾਉਣ ਲਈ ਖੁਪਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਲ ਵਿਚ ਆਉਣ ਵਾਲੇ ਝੋਨੇ ਅਤੇ ਕਣਕ ਦੇ ਦੋ ਸੀਜ਼ਨ ਪੰਜਾਬ ਦੀ ਆਰਥਿਕਤਾ ਨੂੰ ਬੜ੍ਹਾਵਾ ਦੇਣ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਪੰਜਾਬ ਕੇਂਦਰੀ ਪੋਲ ਦੇ 182 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਪੂਰਾ ਕਰ ਲਵੇਗਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕਿਸਾਨਾਂ ਨੂੰ ਦੀਵਾਲੀ ਤੇ ਦੁਸਹਿਰੇ ਵਰਗੇ ਅਹਿਮ ਤਿਉਹਾਰਾਂ ਮੌਕੇ ਵੀ ਆਪਣੀ ਫ਼ਸਲ ਵੇਚਣ ਲਈ ਮੰਡੀਆਂ ਵਿਚ ਹੀ ਰਾਤਾਂ ਬਿਤਾਉਣੀਆਂ ਪੈਂਦੀਆਂ ਸਨ, ਪਰੰਤੂ ਹੁਣ ਕਿਸਾਨਾਂ ਨੂੰ ਮੰਡੀਆਂ ਵਿਚ ਰਾਤਾਂ ਨਹੀਂ ਕੱਟਣ ਦੇਵਾਂਗੇ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਵਿਕਣ ਲਈ ਆਈ ਫ਼ਸਲ ਦੀ ਨਮੀ ਚੈਕ ਕਰਨ ਲਈ ਪੂਰੇ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਫ਼ਸਲ ਪੂਰੀ ਤਰ੍ਹਾਂ ਨਾਲ ਸੁੱਕਾ ਕੇ ਲਿਆਉਣ ਅਤੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਉਸ ਦੇ ਉਚਿਤ ਪ੍ਰਬੰਧਨ ਨੂੰ ਪਹਿਲ ਦੇਣ। ਉਨ੍ਹਾਂ ਕਿਹਾ ਕਿ ਸਮੂਚੀ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਹਾਜ਼ਰ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਮੈਡਮ ਮੱਧੂ, ਬਲਾਕ ਪ੍ਰਧਾਨ ਟਾਂਡਾ ਕੇਸ਼ਵ ਸੈਣੀ, ਸ਼ਹਿਰੀ ਪ੍ਰਧਾਨ ਜਗਜੀਵ ਜੱਗੀ, ਅਜੀਤ ਨਾਰੰਗ, ਰਜਿੰਦਰ ਅਗਰਵਾਲ, ਸੰਜੀਵ ਆਨੰਦ ਤੋਂ ਇਲਾਵਾ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।