ਪੰਜਾਬ ਵਿਚ ਝੋਨੇ ਦੀ ਸੁਚਾਰੂ ਖਰੀਦ, ਨਾਲੋ-ਨਾਲ ਲਿਫਟਿੰਗ ਤੇ ਅਦਾਇਗੀ ਦੇ ਕੀਤੇ ਪੁਖਤਾ ਪ੍ਰਬੰਧ : ਕਟਾਰੂਚੱਕ

  • ਸੂਬੇ ਦੀਆਂ ਮੰਡੀਆਂ ਵਿਚ ਹੁਣ ਤੱਕ ਕਰੀਬ 9 ਲੱਖ 77 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਆਮਦ 
  • ਕਰੀਬ 9 ਲੱਖ 17 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਕੀਤੀ ਗਈ ਖ਼ਰੀਦ 
  • ਕਿਸਾਨਾਂ ਨੂੰ ਲਗਭਗ 1052 ਕਰੋੜ ਰੁਪਏ ਦੀ ਕੀਤੀ ਅਦਾਇਗੀ
  • ਖੁਰਾਕ ਮੰਤਰੀ ਨੇ ਡਿਪਟੀ ਸਪੀਕਰ ਰੌੜੀ ਸਮੇਤ ਅਨਾਜ ਮੰਡੀ ਗੜ੍ਹਸ਼ੰਕਰ ਅਤੇ ਸੈਲਾ ਖੁਰਦ ਵਿਖੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਗੜ੍ਹਸ਼ੰਕਰ, 10 ਅਕਤੂਬਰ : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਸੂਬੇ ਦੀਆਂ 1854 ਮੰਡੀਆਂ ਵਿੱਚ ਸੁਚਾਰੂ ਖ਼ਰੀਦ, ਨਾਲੋ-ਨਾਲ ਲਿਫਟਿੰਗ ਅਤੇ ਖਰੀਦੇ ਗਏ ਝੋਨੇ ਦੀ 24 ਘੰਟੇ ਵਿੱਚ ਅਦਾਇਗੀ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਦੀ ਧੀਆਂ-ਪੁੱਤਾਂ ਵਾਂਗ ਪਾਲੀ ਗਈ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ ਨਾਲ ਅਨਾਜ ਮੰਡੀ ਗੜ੍ਹਸ਼ੰਕਰ ਅਤੇ ਸੈਲਾ ਖੁਰਦ ਵਿਖੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 9 ਲੱਖ 77 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ ਤੇ 9 ਲੱਖ 17 ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ 1052 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ 37 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਸੀ.ਸੀ.ਐਲ. ਹੈ ਅਤੇ ਮੰਡੀਆਂ ਵਿੱਚ ਲੋੜੀਂਦੇ ਬਾਰਦਾਨੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ ਵਿੱਚ ਆਉਂਦੇ ਝੋਨੇ ਅਤੇ ਕਣਕ ਦੇ ਦੋ ਸੀਜ਼ਨ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਕਿਸਾਨਾਂ ਨੂੰ ਦੀਵਾਲੀ ਤੇ ਦਸਹਿਰੇ ਵਰਗੇ ਅਹਿਮ ਤਿਉਹਾਰਾਂ ਮੌਕੇ ਵੀ ਆਪਣੀ ਫਸਲ ਵੇਚਣ ਲਈ ਮੰਡੀਆਂ ਵਿੱਚ ਹੀ ਰਾਤਾਂ ਕੱਟਣੀਆਂ ਪੈਂਦੀਆਂ ਸਨ ਪਰੰਤੂ ਅਸੀਂ ਕਿਸਾਨਾਂ ਨੂੰ ਮੰਡੀਆਂ ਵਿੱਚ ਰਾਤਾਂ ਨਹੀਂ ਕੱਟਣ ਦੇਵਾਂਗੇ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਵਿਕਣ ਲਈ ਆਉਣ ਵਾਲੀ ਫਸਲ ਦੀ ਨਮੀ ਚੈੱਕ ਕਰਨ ਲਈ ਪੂਰੇ ਬੰਦੋਬਸਤ ਕੀਤੇ ਗਏ ਹਨ।  ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਬਾਹਰਲੇ ਸੂਬਿਆਂ ਤੋਂ ਆਉਣ ਵਾਲੀ ਫ਼ਸਲ ਨੂੰ ਪੰਜਾਬ ਅੰਦਰ ਵੇਚਣ ਲਈ ਆਉਣ ਤੋਂ ਰੋਕਣ ਲਈ ਇੰਟਰ ਸਟੇਟ ਨਾਕੇ ਵੀ ਲਗਾਏ ਗਏ ਹਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਫਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਲਿਆਂਦੀ ਜਾਵੇ ਅਤੇ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਦੇ ਉਚਿਤ ਪ੍ਰਬੰਧਨ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਮੁੱਚੀ ਖ਼ਰੀਦ ਪ੍ਰਕਿਰਿਆ ਦੌਰਾਨ ਕਿਸੇ ਨੂੰ ਵੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਹਾਜ਼ਰ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਐਸ.ਡੀ.ਐਮ ਗੜ੍ਹਸ਼ੰਕਰ ਪ੍ਰੀਤ ਇੰਦਰ ਸਿੰਘ ਬੈਂਸ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੈਡਮ ਮਧੂ, ਜ਼ਿਲ੍ਹਾ ਮੰਡੀ ਅਫਸਰ ਸਾਹਿਲ ਕੈਲੇ ਅਤੇ ਖ਼ਰੀਦ ਨਾਲ ਸਬੰਧਤ ਹੋਰ ਅਧਿਕਾਰੀ ਹਾਜ਼ਰ ਸਨ।