ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਪੁਲਿਸ ਵੱਲੋਂ ਅੱਠ ਕਿਲੋਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ

ਸ਼ਹੀਦ ਭਗਤ ਸਿੰਘ ਨਗਰ, 12 ਮਈ : ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਉਸ ਮੌਕੇ ਵੱਡੀ ਸਫ਼ਲਤਾ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਨੇ ਕਲ੍ਹ ਇੱਕ ਤਸਕਰ ਨੂੰ ਅੱਠ ਕਿਲੋਗ੍ਰਾਮ ਅਫ਼ੀਮ ਨਾਲ ਗਿ੍ਰਫ਼ਤਾਰ ਕੀਤਾ। ਅੱਜ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਦੱਸਿਆ ਕਿ ਡੀ ਜੀ ਪੀ ਪੰਜਾਬ, ਗੌਰਵ ਯਾਦਵ ਅਤੇ ਆਈ ਜੀ, ਪੁਲਿਸ ਰੇਂਜ ਲੁਧਿਆਣਾ, ਕੌਸਤੁਭ ਸ਼ਰਮਾ ਦੀਆਂ ਹਦਾਇਤਾਂ ’ਤੇ ਨਸ਼ਾ ਤਸਕਰੀ ਨੂੰ ਜੜ੍ਹੋਂ ਖਤਮ ਕਰਨ ਦੀ ਜ਼ਿਲ੍ਹੇ ’ਚ ਚਲਾਈ ਮੁਹਿੰਮ ਤਹਿਤ ਇਹ ਸਫ਼ਲਤਾ ਮਿਲੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਿਤੀ 11-05-2023 ਨੂੰ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਦੀ ਅਗਵਾਈ ਹੇਠ ਏ.ਐਸ.ਆਈ ਜਸਵੀਰ ਸਿੰਘ ਸੀ.ਆਈ.ਏ ਸਟਾਫ, ਸ਼ਹੀਦ ਭਗਤ ਸਿੰਘ ਨਗਰ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਜਦੋਂ ਪਿੰਡ ਗੁਜਰਪੁਰ ਪੁੱਜੀ ਤਾਂ ਪਿੰਡ ਗੁਜਰਪੁਰ ਸਾਈਡ ਬਣੇ ਰੇਲਵੇ ਲਾਈਨ ਪੁੱਲ ਥੱਲੇ ਬਣੀ ਸੜਕ ’ਤੇ ਇੱਕ ਅੱਧਖੜ ਉਮਰ ਦਾ ਵਿਅਕਤੀ ਆਪਣੇ ਮੋਢੇ ’ਤੇ ਕਾਲੇ ਰੰਗ ਦਾ ਵਜ਼ਨਦਾਰ ਕਿੱਟ ਬੈਗ ਚੁੱਕੀ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਦੀ ਗੱਡੀ ਵੇਖ ਕੇ, ਸ਼ਮਸ਼ਾਨ ਘਾਟ ਦੇ ਨਾਲ ਵਾਲੀ ਗਰਾਊਂਡ ਵੱਲ ਨੂੰ ਤੇਜ ਕਦਮੀਂ ਤੁਰ ਪਿਆ। ਸ਼ੱਕ ਪੈਣ ’ਤੇ ਏ.ਐਸ.ਆਈ ਜਸਵੀਰ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਬਿਰਸਾ ਪੁਰਤੀ (ਉਮਰ 45 ਸਾਲ) ਪੁੱਤਰ ਇਤਵਾ ਪੁਰਤੀ ਵਾਸੀ ਪਿੰਡ ਲਗੋਰਾ, ਡਾਕਖਾਨਾ ਸਵਨੀਆ ਥਾਣਾ ਬੰਦਗਾਓ, ਜ਼ਿਲ੍ਹਾ ਪੱਛਮ ਸਿੰਘਬੂਮ (ਝਾਰਖੰਡ) ਦੱਸਿਆ। ਉਸ ਦੇ ਕਿੱਟ ਬੈਗ ਵਿੱਚ ਕਿਸੇ ਇਤਰਾਜਯੋਗ ਨਸ਼ੀਲੀ ਵਸਤੂ ਦਾ ਸ਼ੱਕ ਹੋਣ ਕਰਕੇ, ਤਲਾਸ਼ੀ ਕਰਨ ਲਈ ਏ.ਐਸ.ਆਈ ਜਸਵੀਰ ਸਿੰਘ ਵੱਲੋਂ ਆਪਣੇ ਮੋਬਾਇਲ ਫੋਨ ਤੋਂ ਕੰਟਰੋਲ ਰੂਮ, ਸ਼ਹੀਦ ਭਗਤ ਸਿੰਘ ਨਗਰ ’ਤੇ ਸੂਚਨਾ ਦੇ ਕੇ, ਮੌਕੇ ’ਤੇ ਕਿਸੇ ਗਜ਼ਟਿਡ ਅਫ਼ਸਰ ਨੂੰ ਭੇਜਣ ਦੀ ਬੇਨਤੀ ਕਰਨ ’ਤੇ ਉੱਪ ਪੁਲਿਸ ਕਪਤਾਨ, ਹੋਮੀਸਾਈਡ ਐਂਡ ਫਰਾਂਸਿਕ, ਸ਼ਹੀਦ ਭਗਤ ਸਿੰਘ ਨਗਰ, ਸੁਰਿੰਦਰ ਚਾਂਦ, ਮੌਕੇ ’ਤੇ ਪੁੱਜੇ। ਜਿਨ੍ਹਾਂ ਦੀ ਹਾਜ਼ਰੀ ਵਿੱਚ ਏ.ਐਸ.ਆਈ ਜਸਵੀਰ ਸਿੰਘ ਵੱਲੋਂ ਬਿਰਸਾ ਪੁਰਤੀ ਉਕਤ ਦੇ ਕਬਜ਼ੇ ਵਾਲੇ ਕਿੱਟ ਬੈਗ ਦੀ ਤਲਾਸ਼ੀ ਕਰਨ ’ਤੇ ਕਿੱਟ ਬੈਗ ਵਿੱਚੋਂ ਇੱਕ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚ, ਇੱਕ ਹੋਰ ਮੋਮੀ ਲਿਫਾਫੇ ਵਿੱਚ ਪਾਈ ਹੋਈ ਅੱਠ ਕਿਲੋਗ੍ਰਾਮ ਅਫੀਮ ਬ੍ਰਾਮਦ ਹੋਣ ’ਤੇ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਨੰਬਰ 56 ਮਿਤੀ 11-05-2023 ਅਧੀਨ ਧਾਰਾ 18-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਦੋਸ਼ੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਢੁੱਕਵਾਂ ਪੁਲਿਸ ਰਿਮਾਂਡ ਹਾਸਲ ਕਰਕੇ, ਉਸ ਦੇ ਅਗਲੇ ਪਿਛਲੇ ਲਿੰਕਾਂ ਸਬੰਧੀ ਪੁੱਛਗਿੱਛ ਕਰਕੇ ਅਗੇਲਰੀ ਕਾਰਵਾਈ ਕੀਤੀ ਜਾਵੇਗੀ।