ਜਿਲ੍ਹੇ ਦੇ ਯੁਵਕਾਂ ਨੂੰ ਫੌਜ਼ ਵਿੱਚ ਭਰਤੀ ਲਈ ਪ੍ਰੇਰਿਤ ਕਰਨ ਸਬੰਧੀ ਲਗਾਇਆ ਸੈਮੀਨਾਰ 

ਨਵਾਂਸ਼ਹਿਰ, 24 ਜਨਵਰੀ : ਜਿਲ੍ਹੇ ਦੇ ਯੁਵਕਾਂ ਨੂੰ ਫੌਜ਼ ਵਿੱਚ ਭਰਤੀ ਲਈ ਪ੍ਰੇਰਿਤ ਕਰਨ ਹਿੱਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨਵਜੋਤਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਬਹੁਤਕਨੀਕੀ ਕਾਲਜ ਬਹਿਰਾਮ ਅਤੇ ਸੀ ਪਾਈਟ ਕੇਂਦਰ ਨਵਾਂਸ਼ਹਿਰ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ ਨੇ ਦਿੰਦਿਆ ਦੱਸਿਆ ਕਿ ਸੰਸਥਾ ਦੇ ਵਿਦਿਆਰਥੀਆਂ ਅਤੇ ਸਰਕਾਰੀ ਆਈ.ਟੀ.ਆਈ ਸੂੰਢ ਦੇ ਵਿਦਿਆਰਥੀਆਂ ਨੂੰ ਪਰੈਜ਼ੈਂਟੇਸ਼ਨ ਰਾਹੀਂ ਭਰਤੀ ਲਈ ਰਜਿਸਟੇ੍ਰਸ਼ਨ ਤੋਂ ਲੈ ਕੇ ਪੂਰੀ ਭਰਤੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੁੰਦੀ ਹੈ ਅਤੇ ਉਹਨਾਂ ਨੌਜਵਾਨਾਂ ਨੂੰ ਭਰਤੀ ਲਈ ਦਲਾਲਾਂ ਦੇ ਚੱਕਰ ਤੋਂ ਬਚਣ ਲਈ ਕਿਹਾ ਗਿਆ। ਉਹਨਾਂ ਵੱਲੋਂ ਦੱਸਿਆ ਗਿਆ ਕਿ ਭਰਤੀ ਲਈ ਰਜਿਸਟ੍ਰੇਸ਼ਨ 8 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ, ਲਿਖਤੀ ਪ੍ਰੀਖਿਆ ਅਪਰੈਲ ਮਹੀਨੇ ਵਿੱਚ ਆਨਲਾਈਨ ਹੋਵੇਗੀ। ਸੈਮੀਨਾਰ ਵਿੱਚ 100 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੇ ਨਾਲ ਹੀ ਉਹਨਾਂ ਵੱਲੋਂ ਸਰੀਰਕ ਟੈਸਟ ਲਈ ਵੀ ਵਿਸ਼ੇਸ਼ ਨੁਕਤੇ ਸਾਂਝੇ ਕੀਤੇ ਗਏ ਅਤੇ ਨਾਲ ਹੀ ਸੇਵਾ ਦੇ 4 ਸਾਲਾਂ ਬਾਅਦ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਮੌਕਿਆਂ ਬਾਰੇ ਦੱਸਿਆ ਗਿਆ। ਮੇਜਰ ਡਾ. ਨਰੇਸ਼ ਵੱਲੋਂ ਵਿਦਿਆਰਥੀਆਂ ਨੂੰ ਭਰਤੀ ਉਪਰੰਤ ਮੈਡੀਕਲ ਟੈਸਟ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਤਾਂ ਜੋ ਉਮੀਦਵਾਰ ਹਦਾਇਤਾਂ ਅਨੁਸਾਰ ਮੈਡੀਕਲ ਟੈਸਟ ਬਾਰੇ ਤਿਆਰ ਹੋ ਸਕਣ। ਕੈਰੀਅਰ ਕਾਊਂਸਲਰ ਜਸਵੀਰ ਸਿੰਘ ਵੱਲੋਂ ਬਿਊਰੋ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਤਰਸੇਮ ਜੱਸਲ, ਇੰਸਟਰਕਟਰ ਅਤੇ ਸੰਸਥਾ ਮੁਖੀ ਕੇ.ਐਸ ਬੇਦੀ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਉਪਰੰਤ ਟੀਮ ਵੱਲੋਂ ਸੀ ਪਾਈਟ ਕੇਂਦਰ ਰਾਹੋਂ ਵਿਖੇ ਸਿਖਲਾਈ ਲੈ ਰਹੇ 30 ਸਿਖਿਆਰਥੀਆਂ ਨੂੰ ਵੀ ਭਰਤੀ ਪ੍ਰਕਿਰਿਆ ਅਤੇ ਮੈਡੀਕਲ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕੈਂਪ ਇੰਚਾਰਜ ਤੇਜਿੰਦਰ ਸਿੰਘ, ਇੰਸਟਰਕਟਰ ਰਵਿੰਦਰ ਕੁਮਾਰ ਆਦਿ ਮੌਜੂਦ ਸਨ।