‘ਵਿਰਸਾ ਹੁਸ਼ਿਆਰਪੁਰ ਦਾ’ ਮੇਲੇ ਦੇ ਦੂਸਰੇ ਦਿਨ ਲੋਕ ਨਾਚਾਂ ਨੇ ਦਰਸ਼ਕ ਲਾਏ ਝੂਮਣ

ਹੁਸ਼ਿਆਰਪੁਰ, 04 ਮਾਰਚ : ‘ਵਿਰਸਾ ਹੁਸ਼ਿਆਰਪੁਰ ਦਾ’ ਮੇਲੇ ਦੇ ਦੂਸਰੇ ਦਿਨ ਅੱਜ ਲੋਕ ਨਾਚਾਂ ਦੇ ਨਾਂਅ ਰਿਹਾ। ਇਸ ਦੌਰਾਨ ਵੱਖ-ਵੱਖ ਕਲਾਕਾਰਾਂ ਤੋਂ ਇਲਾਵਾ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੇ ਵੀ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਜੇ. ਐਸ. ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਖ਼ੂਬ ਤਾੜੀਆਂ ਬਟੋਰੀਆਂ। ਬੱਚਿਆਂ ਅਤੇ ਵੱਡਿਆਂ ਨੇ ਮੇਲੇ ਵਿਚ ਊਠ ਦੀ ਸਵਾਰੀ ਅਤੇ ਝੂਲਿਆਂ ਦਾ ਵੀ ਕਾਫੀ ਆਨੰਦ ਮਾਣਿਆ। ਇਸ ਦੌਰਾਨ ਬ੍ਰਜ ਦੀ ਹੋਲੀ, ਭੰਗੜਾ, ਗਿੱਧਾ ਖਿੱਚ ਦਾ ਕੇਂਦਰ ਰਹੇ।ਦੂਸਰੇ ਦਿਨ ਅੱਜ ਹਜ਼ਾਰਾਂ ਲੋਕ ਪੁਹੁੰਚੇ ਅਤੇ ਉਨ੍ਹਾਂ ਇਸ ਮੇਲੇ ਦਾ ਭਰਪੂਰ ਆਨੰਦ ਲਿਆ। ਸੱਭਿਆਚਾਰਕ ਰੰਗ ਬਿਖੇਰਦੇ ਇਸ ਮਲੇ ਵਿਚ 100 ਤੋਂ ਵੱਧ ਲੱਗੇ ਸਟਾਲਾਂ ਤੋਂ ਵੱਖ-ਵੱਖ ਵਸਤਾਂ ਦੀ ਖ਼ਰੀਦਦਾਰੀ ਲਈ ਲੋਕਾਂ ਦੀ ਭੀੜ ਲੱਗੀ ਰਹੀ। ਇਸ ਦੌਰਾਨ ਫੂਡ ਕੋਰਟ ਵਿਚ ਬਣੇ ਵੱਖ-ਵੱਖ ਸਟਾਲਾਂ ’ਤੇ ਲੋਕਾਂ ਨੇ ਵੱਖ-ਵੱਖ ਪਕਵਾਨਾਂ ਦਾ ਸਵਾਦ ਵੀ ਚੱਖਿਆ। ਇਸ ਤੋਂ ਇਲਾਵਾ ਦੇਰ ਸ਼ਾਮ ਮੇਲੇ ਵਿਚ ਕਲਾਕਾਰਾਂ ਵੱਲੋਂ ਦਿੱਤੀਆਂ ਗਈਆਂ ਸ਼ਾਨਦਾਰ ਪੇਸ਼ਕਾਰੀਆਂ ਦਾ ਲੋਕਾਂ ਨੇ ਖ਼ੂਬ ਆਨੰਦ ਮਾਣਿਆ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਲੋਕਾਂ ਦੀ ਭੀੜ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਕੋਲੋਂ ਦੇਖਣਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਪਰਿਵਾਰਾਂ ਨਾਲ ਇਸ ਮੇਲੇ ਵਿਚ ਆਉਣ, ਤਾਂ ਜੋ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਹੋਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਕਲਾਕਾਰਾਂ ਤੇ ਕਾਰੀਗਰ ਇਸ ਮੇਲੇ ਵਿਚ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਿਥੇ ਕਾਰੀਗਰਾਂ ਵੱਲੋਂ ਆਪਣੇ ਹੱਥਾਂ ਨਾਲ ਬਣਾਈਆਂ ਵਸਤਾਂ ਦੀ ਵਿਕਰੀ ਕੀਤੀ ਜਾ ਰਹੀ ਹੈ, ਉਥੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਮੇਲਾ 7 ਮਾਰਚ ਤੱਕ ਚੱਲੇਗਾ ਅਤੇ ਲੋਕ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਮੇਲੇ ਵਿਚ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ 5 ਮਾਰਚ ਨੂੰ ਜਿਥੇ ਵੱਖ-ਵੱਖ ਪੇਸ਼ਕਾਰੀਆਂ ਹੋਣਗੀਆਂ, ਉਥੇ ਸ਼ਾਮ 7 ਵਜੇ ਪ੍ਰਸਿੱਧ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਇਲਾਵਾ ਰੈੱਡ ਕਰਾਸ ਵੱਲੋਂ ਦੇ ਲੱਕੀ ਡਰਾਅ ਵੀ ਕੱਢੇ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖ਼ੁਦ ਵੀ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲੇ ਵਿਚ ਆਉਣ ਅਤੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਵੀ ਇਥੇ ਆਉਣ ਲਈ ਪ੍ਰੇਰਿਤ ਕਰਨ, ਤਾਂ ਜੋ ਇਥੇ ਪਹੁੰਚੇ ਕਲਾਕਾਰਾਂ ਅਤੇ ਕਾਰੀਗਰਾਂ ਦਾ ਹੌਸਲਾ ਵਧਾਇਆ ਜਾ ਸਕੇ।