ਸਸਤੇ ਭਾਅ ‘ਤੇ ਰੇਤ ਮਿਲਣ ਨਾਲ ਸੂਬੇ ਵਿੱਚ ਰੇਤ ਮਾਫੀਏ ਦਾ ਹੋਇਆ ਅੰਤ : ਕੈਬਨਿਟ ਮੰਤਰੀ ਜਿੰਪਾ

  • ਕਿਹਾ, ਆਮ ਲੋਕਾਂ ਨੂੰ ਸਸਤੇ ਭਾਅ 'ਤੇ ਰੇਤ , ਨੌਜਵਾਨਾਂ ਨੂੰ ਮਿਲ ਰਿਹਾ ਹੈ ਰੋਜ਼ਗਾਰ
  • ਹੁਸ਼ਿਆਰਪੁਰ ਹਲਕੇ ਦੀਆਂ ਤਿੰਨ ਖਾਣਾਂ 'ਚ 6 ਦਿਨਾਂ ਵਿੱਚ 581 ਟਰਾਲੀਆਂ ਵਿੱਚ ਵਿਕੀ 3627 ਟਨ ਰੇਤਾ, 5 ਲੱਖ ਰੁਪਏ ਤੋਂ ਵੱਧ ਦੀ ਹੋਈ ਆਮਦਨ

ਹੁਸ਼ਿਆਰਪੁਰ, 26 ਅਪ੍ਰੈਲ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਸਸਤੇ ਭਾਅ ‘ਤੇ ਰੇਤ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ 5 ਜ਼ਿਲ੍ਹਿਆਂ ਦੀਆਂ 20 ਹੋਰ ਜਨਤਕ ਖਾਣਾਂ ਲੋਕਾਂ ਨੂੰ ਸਮਰਪਿਤ ਕੀਤੀਆਂ, ਤਾਂ ਜੋ ਆਮ ਲੋਕਾਂ ਨੂੰ ਰੇਤਾਂ 5.50 ਰੁਪਏ ਪ੍ਰਤੀ ਘਣ ਫੁੱਟ ਦੀ ਦਰ ਨਾਲ ਉਪਲਬੱਧ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਇਤਿਹਾਸਕ ਕਦਮ ਤੋਂ ਬਾਅਦ ਹੁਸ਼ਿਆਰਪੁਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਇਸ ਨਾਲ ਜਿਥੇ ਆਮ ਲੋਕਾਂ ਨੂੰ ਸਸਤੇ ਭਾਅ ‘ਤੇ ਰੇਤ ਮਿਲ ਰਹੀ ਹੈ, ਉਥੇ ਨੌਜਵਾਨਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਵੀ ਮਿਲਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਹਲਕੇ ਦੀਆਂ ਤਿੰਨ ਖਾਣਾਂ ਬੱਸੀ ਗੁਲਾਮ ਹੁਸੈਨ, ਮਹਿਲਾਂਵਾਲੀ ਅਤੇ ਡਗਾਣਾ ਕਲਾਂ ਵਿੱਚ 21 ਅਪ੍ਰੈਲ ਤੋਂ 26 ਅਪ੍ਰੈਲ ਤੱਕ 581 ਟਰਾਲੀਆਂ ਵਿੱਚ 3627 ਟਨ ਰੇਤ ਦੀ ਵਿਕਰੀ ਹੋਈ ਹੈ, ਜਿਸ ਨਾਲ ਪੰਜਾਬ ਸਰਕਾਰ ਨੂੰ 519527 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੱਸੀ ਗੁਲਾਮ ਹੁਸੈਨ ਦੀ ਖੱਡ ਵਿੱਚੋਂ 526 ਟਰਾਲੀਆਂ ਵਿੱਚੋਂ 3354 ਟਨ ਰੇਤਾ ਵੇਚ ਕੇ 4,84,176 ਰੁਪਏ, ਮਹਿਲਾਂਵਾਲੀ ਦੀ ਖੱਡ ਵਿੱਚੋਂ 9 ਟਰਾਲੀਆਂ ਵਿੱਚ 51 ਟਨ ਰੇਤ ਵੇਚ ਕੇ 7352 ਰੁਪਏ ਅਤੇ ਡਗਾਣਾ ਕਲਾ ਦੀ ਖਾਣ ਵਿਚੋਂ  46 ਟਰਾਲੀਆਂ ਵਿਚੋਂ 222 ਟਨ ਰੇਤ ਵੇਚ ਕੇ 31999 ਰੁਪਏ  ਦਾ ਮਾਲੀਆ ਪੰਜਾਬ ਸਰਕਾਰ ਨੂੰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਪਿਛਲੀਆਂ ਸਰਕਾਰਾਂ ਦੌਰਾਨ ਵਧਿਆ-ਫੁੱਲਿਆ ਰੇਤ ਮਾਫੀਆ ਖ਼ਤਮ ਹੋਇਆ ਹੈ, ਉੱਥੇ ਹੀ ਲੋਕਾਂ ਦੀ ਲੁੱਟ-ਖਸੁੱਟ ਨੂੰ ਵੀ ਠੱਲ੍ਹ ਪਈ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਨ੍ਹਾਂ ਜਨਤਕ ਖਾਣਾਂ ਵਿੱਚ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਾਂ ਵਿੱਚ ਰੇਤ ਦੀ ਖੁਦਾਈ ਹੱਥੀਂ ਹੀ ਕੀਤੀ ਜਾਵੇਗੀ, ਜਦਕਿ ਖੁਦਾਈ ਦਾ ਕੰਮ ਮਸ਼ੀਨਾਂ ਨਾਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਖਾਣਾਂ ਤੋਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਰੇਤਾ ਦੀ ਵਿਕਰੀ ਕੀਤੀ ਜਾਵੇਗੀ ਅਤੇ ਰੇਤ ਦੀ ਨਿਕਾਸੀ ਨੂੰ ਨਿਯਮਤ ਕਰਨ ਲਈ ਹਰ ਜਨਤਕ ਮਾਈਨਿੰਗ ਵਾਲੀ ਥਾਂ 'ਤੇ ਇਕ ਸਰਕਾਰੀ ਅਧਿਕਾਰੀ ਹਮੇਸ਼ਾ ਮੌਜੂਦ ਰਹੇਗਾ। ਬੱਸੀ ਗੁਲਾਮ ਹੁਸੈਨ ਖਾਨ ਵਿੱਚ ਰੇਤ ਦੀ ਭਰਾਈ ਕਰਨ ਵਾਲੇ ਮਜ਼ਦੂਰ ਅਰਜੁਨ ਸਰਦਾਰ, ਚਮਕ ਲਾਲ, ਇੰਦਰਜੀਤ ਅਤੇ ਟਰਾਲੀ ਮਾਲਕਾਂ ਲਾਡੀ, ਗਗਨਦੀਪ ਸਿੰਘ, ਪਾਲਾ, ਗੁਰਮੁੱਖ ਸਿੰਘ ਅਤੇ ਹਰਪ੍ਰੀਤ ਸੈਣੀ ਨੇ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਨੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤ ਵੇਚ ਕੇ ਜਿਥੇ ਆਮ ਲੋਕਾਂ ਨੂੰ ਰਾਹਤ ਦਿੱਤੀ ਹੈ, ਉਥੇ  ਉਨ੍ਹਾਂ ਵਰਗੇ ਕਈ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਹਨ।