ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਕੈਬਨਿਟ ਮੰਤਰੀ ਕਟਾਰੂਚੱਕ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ

ਕਰਤਾਰਪੁਰ : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝਾ ਮੋਰਚਾ ਪੰਜਾਬ ਦੇ ਆਗੂਆਂ ਨਾਲ਼ ਮੁੱਖ਼ ਮੰਤਰੀ ਭਗਵੰਤ ਮਾਨ ਵੱਲੋਂ ਤਹਿਸ਼ੁਦਾ ਮੀਟਿੰਗ ਰੱਦ ਕਰਨ ਦੇ ਵਿਰੋਧ ਚ ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਫ਼ੂਡ ਤੇ ਸਿਵਲ ਸਪਲਾਈ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਦਾ ਕਰਤਾਰਪੁਰ ਦੀ ਦਾਣਾ ਮੰਡੀ ਵਿਖੇ ਸਮੇਤ ਐੱਮ ਐੱਲ ਏ ਬਲਕਾਰ ਸਿੰਘ, ਜੋਗਿੰਦਰ ਸਿੰਘ ਮਾਨ ਨਾਲ ਪੁੱਜਣ 'ਤੇ ਘੇਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਜਿਸ 'ਤੇ ਮੰਤਰੀ ਵਲੋਂ ਗੱਡੀ ਚੋਂ ਉੱਤਰ ਕੇ ਪੇਂਡੂ ਮਜ਼ਦੂਰ ਆਗੂਆਂ ਦੀ ਗੱਲਬਾਤ ਸੁਨਣੀ ਪਈ ਅਤੇ ਮੰਗਾਂ ਸੰਬੰਧੀ ਮੰਗ ਪੱਤਰ ਲੈ ਕੇ ਜਲਦੀ ਹੀ ਮੁੱਖ ਮੰਤਰੀ ਨਾਲ ਮਜ਼ਦੂਰ ਜਥੇਬੰਦੀਆਂ ਦੀ ਮੀਟਿੰਗ ਕਰਵਾਉਣ ਤੇ ਉਹਨਾਂ ਦੇ ਵਿਭਾਗ ਨਾਲ ਸੰਬੰਧਤ ਮੰਗਾਂ ਦੇ ਹੱਲ ਲਈ ਖ਼ੁਦ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਤਾਂ ਜਾ ਕੇ ਘੇਰਾਓ ਖ਼ਤਮ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ਼ ਮੀਟਿੰਗ ਕਰਕੇ ਮਜ਼ਦੂਰਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ 18 ਅਕਤੂਬਰ ਨੂੰ ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ ਨੇੜਲੇ ਪਿੰਡ ਕਾਲਵਣਜਾਰਾ ਵਿਖੇ ਉਦਘਾਟਨੀ ਸਮਾਗਮ ਮੌਕੇ ਮੁੱਖ ਮੰਤਰੀ ਦੇ ਪਹੁੰਚਣ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ 12 ਸਤੰਬਰ ਨੂੰ ਲਾਏ ਤਿੰਨ ਰੋਜ਼ਾ ਮੋਰਚੇ ਸਮੇਂ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ਼ 3 ਅਕਤੂਬਰ ਦੀ ਮੀਟਿੰਗ ਰੱਖੀ ਸੀ ਜਿਸਨੂੰ ਬਦਲਵੀਂ ਤਰੀਕ ਦਿੱਤੇ ਬਿਨਾਂ ਹੀ ਰੱਦ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੇ ਬੀਤੇ ਦਿਨੀਂ ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਵਲੋਂ ਪਿੰਡ ਬੂਲਾ ਵਿਖੇ ਉੱਚ ਜਾਤੀ ਨਾਲ ਸਬੰਧਤ ਸਾਬਕਾ ਸਰਪੰਚ ਨੂੰ ਖੁਸ਼ ਕਰਨ ਲਈ ਦਲਿਤ ਮਜ਼ਦੂਰ ਪਰਿਵਾਰ ਦੇ ਗੈਰ ਕਾਨੂੰਨੀ ਢੰਗ ਦਰੱਖ਼ਤ ਕਟਵਾਉਣ ਤੇ ਨਾਬਾਲਗ ਬੱਚੇ ਦੀ ਕੁੱਟਮਾਰ ਕਰਨ ਦਾ ਮਾਮਲਾ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਤਾਂ ਉਹਨਾਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਸੂਬਾ ਸਰਕਾਰ ਵਲੋਂ ਜ਼ੀਰੋ ਘਰੇਲੂ ਬਿਜਲੀ ਬਿੱਲ ਭੇਜਣ ਦੇ ਦਾਅਵੇ ਦੀ ਫੂਕ ਕੱਢਦਿਆਂ ਆ ਰਹੇ ਹਜ਼ਾਰਾਂ ਰੁਪਏ ਦੇ ਬਿੱਲ ਵਿਖਾਉਂਦੇ ਹੋਏ ਬਿੱਲਾਂ ਦੇ ਕਾਰਨ ਪਾਵਰਕਾਮ ਵਿਭਾਗ ਵਲੋਂ ਕੱਟੇ ਜਾ ਰਹੇ ਕੂਨੈਕਸ਼ਨਾਂ ਦਾ ਮਸਲਾ ਧਿਆਨ ਵਿੱਚ ਲਿਆਉਣ ਉੱਤੇ ਮੰਤਰੀ ਜੀ ਨੇ ਐਕਸ਼ਨ ਪਾਵਰਕਾਮ ਨੂੰ ਫ਼ੋਨ ਲਗਾ ਕੇ ਤੁਰੰਤ ਕੱਟੇ ਕੁਨੈਕਸ਼ਨ ਬਿਨ੍ਹਾਂ ਸ਼ਰਤ ਜੋੜਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਯੂਨੀਅਨ ਵਲੋਂ ਮਜ਼ਦੂਰਾਂ ਨਾਲ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਕੀਤੇ ਜਾ ਰਹੇ ਭੇਦ-ਭਾਵ ਦੇ ਖਿਲਾਫ਼ ਪਿੰਡ ਕੁੱਦੋਵਾਲ ਅਤੇ ਧੀਰਪੁਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਦਿੱਤੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦੀ ਗਰੰਟੀ ਕਰਕੇ ਦਿਹਾੜੀ 700 ਰੁਪਏ ਕੀਤੀ ਜਾਵੇ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਮਜ਼ਦੂਰਾਂ ਨੂੰ ਸਸਤੇ ਭਾਅ ਦੇਣ ਦੀ ਜਾਮਨੀ ਕੀਤੀ ਜਾਵੇ, ਮਜ਼ਦੂਰਾਂ ਤੇ ਗਰੀਬ ਕਿਸਾਨਾਂ ਸਿਰ ਮਾਈਕਰੋਫਾਈਨਾਸ ਕੰਪਨੀਆਂ ਸਮੇਤ ਚੜੇ ਸਮੁੱਚੇ ਕਰਜ਼ੇ ਖਤਮ ਕੀਤੇ ਜਾਣ, ਮਜ਼ਦੂਰਾਂ ਨੂੰ ਬਿਨਾਂ ਸ਼ਰਤ ਸਹਿਕਾਰੀ ਸਭਾਵਾਂ ਦੇ ਮੈਂਬਰ ਬਣਾਕੇ ਸਸਤੇ ਕਰਜ਼ੇ ਦਿੱਤੇ ਜਾਣ, ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਏ ਨਰਮੇ ਸਮੇਤ ਮੀਹਾਂ ਨਾਲ਼ ਨੁਕਸਾਨੀਆਂ ਫ਼ਸਲਾਂ ਤੇ ਘਰਾਂ ਦਾ ਮੁਆਵਜ਼ਾ ਦਿੱਤਾ ਜਾਵੇ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ, ਪੈਨਸ਼ਨ ਦੀ ਰਕਮ ਪੰਜ ਹਜ਼ਾਰ ਰੁਪਏ ਮਹੀਨਾ ਕਰਕੇ ਉਮਰ ਦੀ ਹੱਦ ਘਟਾਈ ਜਾਵੇ, ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ ਤੇ ਦਰਜ਼ ਕੇਸ ਵਾਪਿਸ ਲਏ ਜਾਣ ਅਤੇ ਦਲਿਤਾਂ ਤੇ ਜ਼ਬਰ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ।ਇਸ ਮੌਕੇ ਯੂਨੀਅਨ ਦੇ ਦੀ ਜੁਆਇੰਟ ਸਕੱਤਰ ਸਰਬਜੀਤ ਕੌਰ ਕੁੱਦੋਵਾਲ, ਪਰਮਜੀਤ ਕੌਰ ਮੀਕੋ, ਜਸਵੀਰ ਗੋਰਾ ਆਦਿ ਨੇ ਵੀ ਸੰਬੋਧਨ ਕੀਤਾ।