ਲੋਕ ਸਭਾ ਮੈਂਬਰ ਰਿੰਕੂ ਵੱਲੋਂ ਆਰ.ਪੀ.ਓ. ਨੂੰ ਪਾਸਪੋਰਟ ਅਪਾਇੰਟਮੈਂਟਾਂ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਦੇ ਨਿਰਦੇਸ਼

  • ਪਾਸਪੋਰਟ ਸਬੰਧੀ ਸੇਵਾਵਾਂ ’ਚ ਅਪਾਇੰਟਮੈਂਟਾਂ ’ਚ ਦੇਰੀ ਦਾ ਮਾਮਲਾ ਉਠਾਇਆ, ਤੁਰੰਤ ਹੱਲ ਕਰਨ ਲਈ ਕਿਹਾ
  • ਖੇਤਰੀ ਪਾਸਪੋਰਟ ਅਫ਼ਸਰ ਨੇ ਲੋਕਾਂ ਨੂੰ ਸੁਚਾਰੂ ਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਈ

ਜਲੰਧਰ, 23 ਜੂਨ : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਖੇਤਰੀ ਪਾਸਪੋਰਟ ਅਫ਼ਸਰ (ਆਰ.ਪੀ.ਓ.) ਜਲੰਧਰ ਨੂੰ ਪਾਸਪੋਰਟ ਸੰਬੰਧੀ ਸੇਵਾਵਾਂ ਲਈ ਅਪਾਇੰਟਮੈਂਟ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬਿਨੈਕਾਰ ਇਨ੍ਹਾਂ ਸੁਵਿਧਾਵਾਂ ਦਾ ਲਾਭ ਨਿਰਵਿਘਨ ਢੰਗ ਨਾਲ ਲੈ ਸਕਣ। ਸੰਸਦ ਮੈਂਬਰ ਨੇ ਜਲੰਧਰ ਪਾਸਪੋਰਟ ਦਫ਼ਤਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਪਾਸਪੋਰਟ ਸਬੰਧੀ ਸੇਵਾਵਾਂ ਪ੍ਰਦਾਨ ਕਰਨ ਦੀ ਸਮੁੱਚੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਆਰ.ਪੀ.ਓ. ਅਨੂਪ ਸਿੰਘ ਨੂੰ ਪਾਸਪੋਰਟ ਅਪਾਇੰਟਮੈਂਟ ਵਿੱਚ ਦੇਰੀ ਦੇ ਮੁੱਦੇ ਨੂੰ ਹੱਲ ਕਰਨ ਲਈ ਕਿਹਾ, ਜੋ ਕਿ ਬਿਨੈਕਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਜ਼ਿਲ੍ਹੇ ਦੇ ਵਸਨੀਕਾਂ ਨੂੰ ਪਾਸਪੋਰਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾਵੇਗਾ। ਆਰ.ਪੀ.ਓ. ਅਨੂਪ ਸਿੰਘ ਨੇ ਲੋਕ ਸਭਾ ਮੈਂਬਰ ਨੂੰ ਜਾਣੂ ਕਰਵਾਇਆ ਕਿ ਪੈਂਡੈਂਸੀ ਨੂੰ ਘੱਟ ਕਰਨ ਲਈ ਅਪਾਇੰਟਮੈਂਟ ਕੋਟਾ ਵਧਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਲੋਕ ਸਭਾ ਮੈਂਬਰ ਨੇ ਖੇਤਰੀ ਪਾਸਪੋਰਟ ਅਫ਼ਸਰ ਅਨੂਪ ਸਿੰਘ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਉਂਕਿ ਦੁਆਬਾ ਖੇਤਰ ਐਨ.ਆਰ.ਆਈਜ਼ ਦਾ ਕੇਂਦਰ ਹੈ, ਇਸ ਲਈ ਜਲੰਧਰ ਦੇ ਪਾਸਪੋਰਟ ਦਫ਼ਤਰ ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਹੈ। ਸ਼੍ਰੀ ਰਿੰਕੂ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪਾਸਪੋਰਟ ਦਫ਼ਤਰ ਵੱਲੋਂ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਕੇ ਆਪਣੀ ਭੂਮਿਕਾ ਬਾਖੂਬੀ ਨਿਭਾਈ ਜਾ ਰਹੀ ਹੈ। ਹਾਲਾਂਕਿ, ਪਾਸਪੋਰਟ ਸੇਵਾਵਾਂ ਲਈ ਉਡੀਕ ਸਮੇਂ ਨੂੰ ਘੱਟ ਕਰਨ ਲਈ ਹੋਰ ਬਿਹਤਰ ਤਾਲਮੇਲ ਦੀ ਲੋੜ ਹੈ। ਸ਼੍ਰੀ ਰਿੰਕੂ ਨੇ ਆਰ.ਪੀ.ਓ. ਨੂੰ ਪਾਸਪੋਰਟ ਦਫ਼ਤਰ ਵਿੱਚ ਬਿਨੈਕਾਰਾਂ ਦੀ ਸਹੂਲਤ ਲਈ ਪਾਰਦਰਸ਼ੀ, ਜਵਾਬਦੇਹ ਅਤੇ ਲੋਕ ਪੱਖੀ ਮਾਹੌਲ ਬਣਾਉਣ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੇ ਲੋਕਾਂ ਨੂੰ ਵਡਮੁੱਲੀਆਂ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਾਨ ਕਰਨ ਲਈ ਖੇਤਰੀ ਪਾਸਪੋਰਟ ਅਫ਼ਸਰ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਖੇਤਰੀ ਪਾਸਪੋਰਟ ਅਫ਼ਸਰ ਅਨੂਪ ਸਿੰਘ ਨੇ ਦਫ਼ਤਰ ਵੱਲੋਂ ਲੋਕਾਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਇਸ ਕਾਰਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤਰੀ ਪਾਸਪੋਰਟ ਦਫ਼ਤਰ ਵੱਲੋਂ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਮੋਗਾ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਬਿਨੈਕਾਰਾਂ ਨੂੰ ਪਾਸਪੋਰਟ ਸਬੰਧੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਦੀ ਸਹੂਲਤ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਪਾਸਪੋਰਟ ਸੇਵਾਵਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਦੀ ਸੂਰਤ ਵਿੱਚ ਉਨ੍ਹਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਲੋਕ ਸਭਾ ਮੈਂਬਰ ਵੱਲੋਂ ਪਾਸਪੋਰਟ ਦਫ਼ਤਰ ਦਾ ਦੌਰਾ ਵੀ ਕੀਤਾ ਗਿਆ ਜਿੱਥੇ ਉਨ੍ਹਾਂ ਸਟਾਫ਼ ਅਤੇ ਬਿਨੈਕਾਰਾਂ ਨਾਲ ਗੱਲਬਾਤ ਕੀਤੀ ਅਤੇ ਪਾਸਪੋਰਟ ਸਬੰਧੀ ਸੇਵਾਵਾਂ ਬਾਰੇ ਉਨ੍ਹਾਂ ਦੀ ਵੱਡਮੁੱਲੀ ਪ੍ਰਤੀਕਿਰਿਆ ਵੀ ਹਾਸਲ ਕੀਤੀ।