ਖਟਕੜ ਕਲਾਂ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ (ਟਾਰਚ ਰਿਲੇਅ) ਦੇ ਪਹੁੰਚਣ ਤੇ ਕੀਤਾ ਗਿਆ ਭਰਵਾ ਸਵਾਗਤ  

ਨਵਾਂਸ਼ਹਿਰ, 25 ਅਗਸਤ 2024 : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ (ਟਾਰਚ ਰਿਲੇਅ) ਅੱਜ ਬੰਗਾ, ਖਟਕੜ ਕਲਾਂ  ਵਿਖੇ ਪਹੁੰਚੀ। ਕਪੂਰਥਲਾ ਤੋਂ ਆ ਰਹੀ ਮਸ਼ਾਲ ਦਾ ਖਟਕੜ ਕਲਾਂ ਪਹੁੰਚਣ ’ਤੇ ਐਸ ਡੀ ਐਮ ਡਾ. ਅਕਸ਼ਿਤਾ ਗੁਪਤਾ, ਉਘੇ ਖਿਡਾਰੀਆਂ, ਐਥਲੀਟਾਂ ਤੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਜ਼ਿਲ੍ਹਾ ਖੇਡ ਅਫਸਰ  ਵੰਦਨਾ ਚੌਹਾਨ, ਹਲਕਾ ਇੰਚਾਰਜ ਬੰਗਾ ਕੁਲਜੀਤ ਸਰਹਾਲ, ਗੁੱਡ ਗਵਰਨਸ ਫੈਲੋ  ਅਸ਼ਮੀਤਾ ਪਰਮਾਰ ਆਦਿ ਹਾਜ਼ਰ ਸਨ। ਇਸ ਮੌਕੇ ਐਸ ਡੀ ਐਮ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਤੇ ਨਰੋਏ ਪੰਜਾਬ ਦੀ ਸਿਰਜਣਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਨੌਜਵਾਨਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦਾ ਖਿਡਾਰੀ ਬਣਾਉਣ ਲਈ ਵਧੀਆ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ। ਐਸ ਡੀ ਐਮ ਨੇ ਨੌਜਵਾਨਾਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ-2024’ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਖੇਡਾਂ ਨਾ ਸਿਰਫ਼ ਸਾਨੂੰ ਮਾਨਸਿਕ ਤੇ ਸਰੀਰਕ ਤੌਰ ְֹ’ਤੇ ਤੰਦਰੁਸਤ ਰੱਖਦੀਆਂ ਹਨ ਸਗੋਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰੱਖਦੀਆਂ ਹਨ। ਇਸ ਉਪਰੰਤ ਐਸ ਡੀ ਐਮ ਵੱਲੋਂ ਮਸ਼ਾਲ ਨੂੰ ਖਟਕੜ ਕਲਾਂ ਤੋਂ ਨਵਾਂਸ਼ਹਿਰ ਲਈ ਰਵਾਨਾ ਕੀਤਾ ਗਿਆ, ਜੋ ਕਿ ਰਾਤ ਨੂੰ ਆਈ ਟੀ ਆਈ ਨਵਾਂਸ਼ਹਿਰ ਵਿਖੇ ਠਹਿਰੀ ਗਈ ਅਤੇ ਸਵੇਰੇ ਰੂਪਨਗਰ ਲਈ ਰਵਾਨਾ ਹੋਵੇਗੀ। ਇਸ ਮੌਕੇ ਤੇ ਜਿਲਾ ਖੇਡ ਅਫਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਕੱਲ  ਖੇਡਾਂ ਵਤਨ ਪੰਜਾਬ ਦੀ ਮਸ਼ਾਲ ਸਵੇਰੇ ਨਵਾਂਸ਼ਹਿਰ ਤੋਂ ਬਲਾਚੌਰ ਲਈ ਤੇ ਫਿਰ ਰੋਪੜ ਨੂੰ ਰਵਾਨਾ ਹੋਵੇਗੀ। ਉਨ੍ਹਾਂ ਦੱਸਿਆ ਕਿ ਬਲਾਚੌਰ ਵਿਖੇ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਵਲੋਂ ਮਸ਼ਾਲ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ।