ਆਰ. ਟੀ. ਓ ਨੇ ਅਵਾਰਾ ਪਸ਼ੂੁਆਂ ਦੇ ਗਲ਼ਾਂ ਵਿਚ ਰੇਡੀਅਮ ਰਿਫਲੈਕਟਰ ਟੇਪ ਬੈਂਡ ਪਾਉਣ ਦੀ ਮੁਹਿੰਮ ਕੀਤੀ ਸ਼ੁਰੂ

  • ਧੁੰਦ ਦੇ ਮੱਦੇਨਜ਼ਰ 400 ਦੇ ਕਰੀਬ ਪਸ਼ੂਆਂ ਦੇ ਗਲ਼ਾਂ ਵਿਚ ਪਾਏ ਜਾਣਗੇ ਰੇਡੀਅਮ ਰਿਫਲੈਕਟਰ ਟੇਪ ਬੈਂਡ-ਰਵਿੰਦਰ ਸਿੰਘ ਗਿੱਲ

ਹੁਸ਼ਿਆਰਪੁਰ, 27 ਦਸੰਬਰ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਸੀਤ ਲਹਿਰ ਅਤੇ ਧੁੰਦ ਬਾਰੇ ਜਾਰੀ ਕੀਤੀ ਅਡਵਾਇਜ਼ਰੀ ਦੇ ਮੱਦੇਨਜ਼ਰ ਆਰ. ਟੀ. ਓ ਰਵਿੰਦਰ ਸਿੰਘ ਗਿੱਲ ਵੱਲੋ ਐਨ. ਜੀ. ਓ ‘ਵਾਇਸਲੈਸ ਸੈਕਿੰਡ ਇੰਨਿੰਗ ਹੋਮ’ ਦੇ ਸਹਿਯੋਗ ਨਾਲ ਅੱਜ ਹੁਸ਼ਿਆਰਪੁਰ ਵਿਖੇ ਅਵਾਰਾ ਪਸ਼ੂੁਆਂ ਦੇ ਗਲ਼ਾਂ ਵਿਚ ਰੇਡੀਅਮ ਰਿਫਲੈਕਟਰ ਟੇਪ ਦੇ ਪਟੇ ਪਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ, ਤਾਂ ਜੋ ਧੁੰਦ ਦੌਰਾਨ ਅਤੇ ਰਾਤ ਸਮੇਂ ਟੇਪ ਦੇ ਚਮਕਣ ਨਾਲ ਪਸ਼ੂਆਂ ਨੂੰ ਦੇਖਿਆ ਜਾ ਸਕੇ ਅਤੇ ਸੜਕ ਹਾਦਸਿਆਂ ਨੂੰ ਰੋਕ ਕੇ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਆਰ. ਟੀ. ਓ ਰਵਿੰਦਰ ਸਿੰਘ ਗਿੱਲ ਨੇ ਇਸ ਮੌਕੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਕਰੀਬ 400 ਪਸ਼ੂਆਂ ਦੇ ਗਲ਼ਾਂ ਵਿਚ ਰੇਡੀਕਮ ਰਿਫਲੈਕਟਰ ਟੇਪ ਬੈਂਡ ਪਾਏ ਜਾਣਗੇ। ਉਨ੍ਹਾਂ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਧੁੰਦ ਦੌਰਾਨ ਆਪਣੇ ਵਾਹਨਾਂ ਦੀ ਗਤੀ ਘੱਟ ਰੱਖਣ ਅਤੇ ਲਾਈਟਾਂ ਨੂੰ ਵੀ ਲੋਅ-ਬੀਮ ’ਤੇ ਰੱਖਣ, ਤਾਂ ਜੋ ਸਾਹਮਣੇ ਤੋਂ ਆ ਰਹੇ ਵਾਹਨ ਜਲਦੀ ਨਜ਼ਰ ਆ ਜਾਣ ਅਤੇ ਦੂਰ ਤੋਂ ਆਉਣ ਵਾਲੇ ਵਾਹਨ ਦੀ ਸੜਕ ’ਤੇ ਰੋਸ਼ਨੀ ਨਜ਼ਰ ਆਵੇ। ਉਨ੍ਹਾਂ ਕਿਹਾ ਕਿ ਧੁੰਦ ਸਮੇਂ ਹਮੇਸ਼ਾ ਵਾਹਨ ਦੇ ਇੰਡੀਕੇਟਰਾਂ ਦਾ ਪ੍ਰਯੋਗ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਵਾਹਨ ਚਲਾਉਂਦੇ ਸਮੇਂ ਮੋਬਾਇਲ ਅਤੇ ਹੋਰ ਕਿਸੇ ਸਾਮਾਨ ਦੀ ਵਰਤੋਂ ਨਾ ਕਰਕੇ ਹਮੇਸ਼ਾ ਸੜਕ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹਾਦਸਿਆਂ ਤੋਂ ਬਚਣ ਲਈ ਹਮੇਸ਼ਾ ਵਾਹਨ ਦੀਆਂ ਖਿੜਕੀਆਂ ਸਾਫ੍ਰ ਰੱਖੀਆਂ ਜਾਣ ਅਤੇ ਵਾਹਨਾਂ ਦਰਮਿਆਨ ਲੋੜ ਅਨੁਸਾਰ ਦੂਰੀ ਯਕੀਨੀ ਬਣਾਈ ਜਾਵੇ, ਤਾਂ ਜੋ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਦੌਰਾਨ ‘ਵਾਇਸਲੈਸ ਸੈਕਿੰਡ ਇੰਨਿੰਗ ਹੋਮ’ ਦੇ ਨੁਮਾਇੰਦਿਆਂ ਤੋਂ ਇਲਾਵਾ ਸੀਨੀਅਰ ਸਹਾਇਕ ਕੁਲਦੀਪ ਸਿੰਘ, ਜੂਨੀਅਰ ਸਹਾਇਕ ਰਵਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।