ਸੰਤ ਸੀਚੇਵਾਲ ਵੱਲੋਂ ਧੁੱਸੀ ਬੰਨ੍ਹ ਦੇ ਪਾੜ ਨੂੰ ਪੂਰਨ ਦੀ ਕਾਰਸੇਵਾ ਸ਼ੁਰੂ, ਦੇਖੋ ਤਸਵੀਰਾਂ

ਲੋਹੀਆਂ, 11 ਜੁਲਾਈ : ਜ਼ਿਲ੍ਹਾ ਜਲੰਧਰ ਦੇ ਕਸਬਾ ਲੋਹੀਆਂ ਦੇ ਪਿੰਡ ਮੰਡਾਲਾ ਕੋਲ਼ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਏ ਪਾੜ ਨੂੰ ਪੂਰਨ ਦੀ ਕਾਰਸੇਵਾ ਸ਼ੁਰੂ। ਜਿਸ ਤਹਿਤ ਬੰਨ੍ਹ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਬੰਨ੍ਹ ਬਨਣ ਦਾ ਵੀ ਕਾਰਜ ਨਾਲ ਹੀ ਕੀਤਾ ਜਾ ਰਿਹਾ ਹੈ। ਸੰਗਤਾਂ ਤੇ ਸੇਵਾਦਾਰਾਂ ਵਲੋਂ ਸਵੇਰ ਤੋਂ ਹੀ ਮਿੱਟੀ ਦੇ ਬੋਰੇ ਭਰੇ ਜਾ ਹਨ। ਇਹ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਿ ਇਸ ਕਾਰਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਜਲਦੀ ਤੋਂ ਜਲਦੀ ਬੰਨ੍ਹ ਤੇ ਪਹੁੰਚਣ। ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਦੇਰ ਰਾਤ ਦੋ ਥਾਵਾਂ ਤੋਂ ਪਾੜ ਪੈ ਗਿਆ ਸੀ ਇਕ ਪਾੜ ਲੱਖੂ ਦੀਆਂ ਛੰਨਾਂ/ਮੰਡਾਲਾ ਛੰਨਾ ਅਤੇ ਦੂਜਾ ਪਾੜ ਗੱਟਾ ਮੁੰਡੀ ਕਾਸੂ ਨੇੜੇ ਤੋਂ ਟੁੱਟ ਗਿਆ ਸੀ। ਦੋਵਾਂ ਥਾਵਾਂ ਤੋਂ ਪਏ ਪਾੜ ਕਾਰਨ ਤਿੰਨ ਦਰਜਨ ਦੇ ਕਰੀਬ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ ਤੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ। ਦੇਰ ਸ਼ਾਮ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਡਾਲਾ ਛੰਨਾਂ ਦੇ ਪਏ ਪਾੜ ਨੂੰ ਪੂਰਨ ਦਾ ਕੰਮ ਆਰੰਭ ਕਰ ਦਿੱਤਾ। ਸੰਤ ਸੀਚੇਵਾਲ ਸਵੇਰੇ 7 ਵਜੇ ਤੋਂ ਹੀ ਆਲੇ ਦੁਆਲੇ ਦੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਬਚਾਉਣ ਵਿੱਚ ਜਿੱਥੇ ਰੁੱਝੇ ਰਹੇ ਉੱਥੇ ਹੀ ਕਾਰਸੇਵਕਾਂ ਰਾਹੀ ਮਿੱਟੀ ਦੇ ਬੋਰੇ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਸ਼ਾਮ ਤੱਕ ਉਹਨਾਂ ਵੱਲੋਂ ਬੰਨ੍ਹ ਦੀ ਮਜ਼ਬੂਤੀ ਦੇ ਨਾਲ-ਨਾਲ ਉਸਨੂੰ ਬੰਨਣ ਲਈ ਬੋਰਿਆਂ ਦੇ ਕਰੇਟ ਬਣਾ ਕੇ ਪਾਣੀ ਵਿੱਚ ਰਿੰਗ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਸੰਤ ਸੀਚੇਵਾਲ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਵਿੱਚ ਕੋਈ ਕਸਰ ਨਾ ਛੱਡੀ ਜਾਵੇਗੀ। ਉਹਨਾਂ ਵੱਲੋਂ ਸੇਵਾਦਾਰਾਂ ਦੀ ਟੀਮਾਂ ਬਣਾ ਕੇ ਪਿੰਡਾਂ ਵਿਚ ਪਾਣੀ ਦੀ ਮਾਰ ਹੇਠ ਆਏ ਲੋਕਾਂ ਨੂੰ ਵੀ ਬੋਟ ਰਾਹੀ ਸੁੱਰਖਿਅਤ ਬਾਹਰ ਕੱਢਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਜੀ ਦੀਆਂ ਅੱਖਾਂ ਵਿੱਚ 2019 ਦੇ ਵਰਗੇ ਫੇਰ ਤੋਂ ਬਣੇ ਮੰਜ਼ਰ ਨੂੰ ਦੇਖਦਿਆਂ ਲੋਕਾਂ ਦਾ ਦਰਦ ਸਾਫ ਝਲਕ ਰਿਹਾ ਸੀ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਨਾਲ ਮਿਲਕੇ ਉਹਨਾਂ ਵੱਲੋਂ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਗਈਆਂ ਪਰ ਕੁਦਰਤ ਅੱਗੇ ਕੋਈ ਵੀ ਨਹੀ ਟਿਕ ਸਕਦਾ। ਇਸਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਇਲਾਕੇ ਦਾ ਦੌਰਾ ਕੀਤਾ। ਉਹਨਾਂ ਲੋਕਾਂ ਨੂੰ ਨੀਂਵੇ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਲਈ ਸੂਬਾ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਸਥਿਤੀ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਦੀਆਂ ਟੀਮਾਂ ਦਿਨ-ਰਾਤ ਸੁਰੱਖਿਆ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।  ਇਸ ਮੁਸ਼ਕਲ ਘੜੀ ਵਿੱਚ ਉਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਬਾਰੇ ਪਤਾ ਲੱਗਦਾ ਹੈ ਜਾਂ ਕਿਸੇ ਦੇ ਫਸੇ ਹੋਣ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਥਾਪਤ ਹੜ੍ਹ ਕੰਟਰੋਲ ਰੂਮ ਦੇ ਨੰਬਰ 0181-2224417 ਜਾਂ ਐਮਰਜੈਂਸੀ ਨੰਬਰ 112 ’ਤੇ ਸੂਚਿਤ ਕੀਤਾ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।