ਪੰਜਾਬ ਸਰਕਾਰ ਵਿਕਾਸ ਦੇ ਏਜੰਡੇ ’ਤੇ ਕਰ ਰਹੀ ਹੈ ਕੰਮ: ਬ੍ਰਮ ਸ਼ੰਕਰ ਜਿੰਪਾ

  • ਕੈਬਨਿਟ ਮੰਤਰੀ ਨੇ ਪਿੰਡ ਆਦਮਵਾਲ ਵਿੱਚ 57.64 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਵਿਕਾਸ ਕਾਰਜ ਸ਼ੁਰੂ

ਹੁਸ਼ਿਆਰਪੁਰ, 8 ਜੂਨ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਸੂਬੇ ’ਚ ਵਿਕਾਸ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ ਅਤੇ ਸਿਰਫ ਇਕ ਸਾਲ ’ਚ ਹੀ ਹਰੇਕ ਜ਼ਿਲ੍ਹੇ ਦੀ ਲੋੜ ਨੂੰ ਧਿਆਨ ’ਚ ਰੱਖ ਕੇ ਵਿਕਾਸ ਕਾਰਜ ਕਰਵਾਏ ਗਏ ਹਨ, ਜੋ ਕਿ ਆਪਣੇ ਆਪ ਵਿੱਚ ਇੱਕ ਉਦਾਹਰਣ ਹੈ। ਉਹ ਪਿੰਡ ਆਦਮਵਾਲ ਵਿਖੇ 57.64 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਦਿ ਹੁਸ਼ਿਆਰਪੁਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਆਦਮਵਾਲ ਵਿੱਚ ਪੀਣ ਵਾਲੇ ਪਾਣੀ ’ਤੇ 5.19 ਲੱਖ ਰੁਪਏ, ਸੀਵਰੇਜ ’ਤੇ 5.19 ਲੱਖ ਰੁਪਏ, ਗਲੀਆਂ-ਨਾਲੀਆਂ ’ਤੇ 5.92 ਲੱਖ ਰੁਪਏ, ਛੱਪੜ ਦੇ ਵਿਕਾਸ ’ਤੇ 16.34 ਲੱਖ ਰੁਪਏ ਅਤੇ ਕਮਿਊਨਿਟੀ ਹਾਲ ’ਤੇ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਛੱਪੜ ਨੂੰ ਥਾਪਰ ਮਾਡਲ ਰਾਹੀਂ ਵਿਕਸਤ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਦਾ ਪਾਣੀ ਕਿਤੇ ਨਾ ਕਿਤੇ ਵਰਤਿਆ ਜਾ ਸਕੇ। ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਜਿੱਥੇ 30 ਹਜ਼ਾਰ ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ, ਉੱਥੇ ਹੀ ਲੋਕਾਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਦੇ ਘਰਾਂ ਨੇੜੇ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ, ਜਿੱਥੇ ਦਵਾਈਆਂ ਅਤੇ ਟੈਸਟ ਮੁਫ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ ਸਰਕਾਰੀ ਮੈਡੀਕਲ ਕਾਲਜ ਬਣ ਰਿਹਾ ਹੈ, ਜਿਸ ਨਾਲ ਜ਼ਿਲ੍ਹੇ ਨੂੰ ਬਹੁਤ ਲਾਭ ਹੋਵੇਗਾ। ਇਸ ਮੌਕੇ ਬੀ.ਡੀ.ਪੀ.ਓ ਸੁਖਵਿੰਦਰ ਸਿੰਘ, ਐਕਸੀਅਨ ਸਿਮਰਨਜੀਤ ਸਿੰਘ, ਏ.ਈ ਅਰਵਿੰਦ ਸੈਣੀ, ਸਰਪੰਚ ਰਮਾ ਦੇਵੀ, ਕੌਂਸਲਰ ਮੁਖੀ ਰਾਮ, ਸਾਧੂ ਰਾਮ, ਵਿਕਰਮਜੀਤ, ਸਤਵੀਰ ਸੱਤੀ, ਅਸ਼ੋਕ ਪਹਿਲਵਾਨ, ਰਾਜਨ ਸੈਣੀ, ਅਵਤਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।