ਧੀਆਂ ਨੂੰ ਹਰੇਕ ਖੇਤਰ ਵਿਚ ਅੱਗੇ ਲਿਆਉਣ ਵਿਚ ਕੋਈ ਕਸਰ ਨਹੀਂ ਛੱਡੇਗੀ ਪੰਜਾਬ ਸਰਕਾਰ : ਡਾ. ਬਲਜੀਤ ਕੌਰ

  • ਹੁਸ਼ਿਆਰਪੁਰ ਵਿਖੇ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਵਿਸ਼ਾਲ ਸੂਬਾ ਪੱਧਰੀ ਸਮਾਗਮ  
  • ਧੀਆਂ ਨੂੰ ਪੁੱਤਰਾਂ ਵਾਂਗ ਪਿਆਰ ਤੇ ਉੱਚ ਸਿੱਖਿਆ ਦੇ ਮੌਕੇ ਪ੍ਰਦਾਨ ਕਰਨੇ ਜ਼ਰੂਰੀ-ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 23 ਨਵੰਬਰ : ‘ਬੇਟੀ ਬਚਾਓ, ਬੇਟੀ ਪੜ੍ਹਾਓ’ ਸਕੀਮ ਤਹਿਤ ਅੱਜ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਥਾਨਕ ਲਾਜਵੰਤੀ ਸਟੇਡੀਅਮ ਵਿਖੇ ਵਿਸ਼ਾਲ ਸੂਬਾ ਪੱਧਰੀ ਸਮਾਗਮ ਕਰਵਾਇਆ ਗਿਆ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਮਾਲ ਅਤੇ ਮੁੜ ਵਸੇਬਾ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਕਰਮਬੀਰ ਸਿੰਘ ਘੁੰਮਣ, ਡਾ. ਰਵਜੋਤ ਸਿੰਘ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਧੀਆਂ ਨੂੰ ਹਰੇਕ ਖੇਤਰ ਵਿਚ ਅੱਗੇ ਲਿਆਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਔਰਤਾਂ ਘਰਾਂ ਅਤੇ ਸਮਾਜ ਦੀ ਨੀਂਹ ਬਣਾਉਂਦੀਆਂ ਹਨ ਅਤੇ ਆਪਣੇ ਦਾਇਰੇ ’ਚੋਂ ਬਾਹਰ ਜਾ ਕੇ ਵੀ ਕੰਮ ਕਰਨ ਦੀ ਸਮਰੱਥਾ ਰੱਖਦੀਆਂ ਹਨ। ਉਨ੍ਹਾਂ ਦੀ ਇਸੇ ਸਮੱਰਥਾ ਨੂੰ ਅੱਗੇ ਲਿਆਉਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਇਸ ਸਬੰਧੀ ਵੱਡੇ ਪੱਧਰ ’ਤੇ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਸਰਕਾਰ ਨੂੰ ਸਮਾਜ ਦੇ ਸਹਿਯੋਗ ਦੀ ਲੋੜ ਹੈ ਅਤੇ ਜਿਸ ਦਿਨ ਸਾਡੇ ਬੇਟੇ ਇਕੱਠੇ ਹੋ ਕੇ ਦਾਜ ਅਤੇ ਔਰਤਾਂ ਵਿਰੁੱਧ ਅੱਤਿਆਚਾਰਾਂ ਖਿਲਾਫ਼ ਰੈਲੀਆਂ ਕਰਨਗੇ, ਉਸ ਦਿਨ ਅਸਲ ਵਿਚ ਔਰਤਾਂ ਦਾ ਸਸ਼ਕਤੀਕਰਨ ਹੋਵੇਗਾ। ਇਸ ਮੌਕੇ ਉਨ੍ਹਾਂ ਸਰਕਾਰ ਵੱਲੋਂ ਧੀਆਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਵਿਸ਼ੇਸ਼ ਮਹਿਮਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਇਸ ਮੌਕੇ ਕਿਹਾ ਕਿ ਅੱਜ ਸਾਡੀਆਂ ਬੇਟੀਆਂ ਹਰੇਕ ਖੇਤਰ ਵਿਚ ਮੱਲ੍ਹਾਂ ਮਾਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦੇਣੀ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸਾਡੇ ਧਾਰਮਿਕ ਗ੍ਰੰਥ ਵੀ ਸਾਨੂੰ ਨਾਰੀ ਦੀ ਕਦਰ ਕਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬੇਟੀਆਂ ਮਾਪਿਆਂ ਦੀ ਜ਼ਿਆਦਾ ਸੁੱਖ ਮੰਗਦੀਆਂ ਹਨ ਅਤੇ ਪੁੱਤਰਾਂ ਤੋਂ ਵੱਧ ਪਿਆਰ ਦਿੰਦੀਆਂ ਹਨ। ਉਨ੍ਹਾਂ ਮਾਪਿਆਂ ਨੂੰ ਸੱਦਾ ਦਿੱਤਾ ਕਿ ਆਪਣੀਆਂ ਬੇਟੀਆਂ ਨੂੰ ਬੇਟਿਆਂ ਵਾਂਗ ਹੀ ਪਿਆਰ ਤੇ ਸਤਿਕਾਰ ਨਾਲ ਪਾਲਣ ਪੋਸ਼ਣ ਅਤੇ ਉੱਚ ਸਿੱਖਿਆ ਦਿਵਾ ਕੇ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ। ਇਸ ਮੌਕੇ 51 ਨਵਜੰਮੀਆਂ ਬੱਚੀਆਂ, 21 ਗਰਭਵਤੀ ਔਰਤਾਂ, 30 ਸਿਹਤਮੰਦ ਬੱਚਿਆਂ ਅਤੇ ਵੱਖ-ਵੱਖ ਖੇਤਰਾਂ ਵਿਚ ਪ੍ਰਾਪਤੀਆਂ ਕਰਨ ਵਾਲੀਆਂ 24 ਲੜਕੀਆਂ ਨੂੰ ਵੀ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ 38 ਮੈਰੀਟੋਰੀਅਸ ਲੜਕੀਆਂ ਨੂੰ ਸਕੂਲ ਬੈਗ ਅਤੇ ਗ੍ਰਾਫਿਕਸ ਦੀ ਸਿਖਲਾਈ ਪ੍ਰਾਪਤ ਕਰਨ ਵਾਲੀਆਂ 30 ਲੜਕੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਵਿਭਾਗ ਦੀਆਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਵਾਲੀਆਂ 10 ਆਂਗਣਵਾੜੀ ਵਰਕਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ 30 ਲੜਕੀਆਂ ਨੂੰ ਮੁਫ਼ਤ ਲਰਨਿੰਗ ਡਰਾਈਵਿੰਗ ਲਾਇਸੰਸ ਅਤੇ ਹੈਲਮਟ ਵੀ ਪ੍ਰਦਾਨ ਕੀਤੇ ਗਏ। ਇਸ ਦੌਰਾਨ ਮਿਸ਼ਨ ਵਤਸੱਲਿਆ ਸਕੀਮ ਤਹਿਤ ਕਰਵਾਏ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਵੱਖ-ਵੱਖ ਵਿਭਾਗਾਂ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਮੁਆਇਨਾ ਵੀ ਕੀਤਾ ਗਿਆ, ਜਿਨ੍ਹਾਂ ਵਿਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵੱਲੋਂ ਸੰਤੁਲਿਤ ਖ਼ੁਰਾਕ, ਸਖੀ ਵਨ ਸਟਾਪ ਸੈਂਟਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸਿਹਤ ਵਿਭਾਗ ਵੱਲੋਂ ਅਨੀਮੀਆ ਦੀ ਟੈਸਟਿੰਗ, ਕਿਸ੍ਰੀ ਵਿਗਿਆਨ ਕੇਂਦਰ ਬਾਹੋਵਾਲ ਵੱਲੋਂ ਮੋਟੇ ਅਨਾਜ ਦੀ ਮਹੱਤਤਾ, ਸੈਲਫ ਹੈਲਪ ਗਰੁੱਪਾਂ ਵੱਲੋਂ ਅਚਾਰ, ਮੁਰੱਬੇ, ਚਟਨੀਆਂ, ਜੂਸ, ਫੁਲਕਾਰੀ ਸੂਟਾਂ, ਬੂਟੀਕ, ਵੁੱਡਨ ਹੈਂਡੀਕਰਾਫਟਸ, ਰੈੱਡ ਕਰਾਸ ਵੱਲੋਂ ਮੁਫ਼ਤ ਸੈਨੇਟਰੀ ਪੈਡਜ਼, ਵਣ ਵਿਭਾਗ ਵੱਲੋਂ ਮੈਡੀਸਨਲ ਪੌਦੇ ਅਤੇ ਪੁਲਿਸ ਵਿਭਾਗ ਵੱਲੋਂ ਮਹਿਲਾ ਮਿੱਤਰ, ਘਰੇਲੂ ਹਿੰਸਾ, ਵੁਮੈਨ ਹੈਲਪਲਾਈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੰਲੋਂ ਮੁਫ਼ਤ ਕਾਨੂੰਨੀ ਸਹਾਇਤਾ ਆਦਿ ਦੀਆਂ ਪ੍ਰਦਰਸ਼ਨੀਆਂ ਅਤੇ ਸਟਾਲ ਸ਼ਾਮਿਲ ਸਨ। ਇਸ ਦੌਰਾਨ ਪੋਸ਼ਣ ਬਾਰੇ ਨੁੱਕੜ ਨਾਟਕ ਅਤੇ ਘਰੇਲੂ ਹਿੰਸਾ ਸਬੰਧੀ ਸਕਿੱਟ ਨੇ ਸਭਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਵਿਭਾਗ ਵੱਲੋਂ ਤਿਆਰ ਕੀਤੀ ਗਿੱਧੇ ਅਤੇ ਜਾਗੋ ਦੀ ਪੇਸ਼ਕਾਰੀ ਨੇ ਸਮਾਗਮ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਕਰਮਜੀਤ ਕੌਰ,ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਚੇਅਰਮੈਨ ਹੁਸ਼ਿਆਰਪੁਰ ਸੈਂਟਰ ਸਹਿਕਾਰੀ ਬੈਂਕ ਵਿਕਰਮ ਸ਼ਰਮਾ, ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ, ਸਤਵੰਤ ਸਿੰਘ ਸਿਆਣ, ਜੋਗੇਸ਼ ਕੰਡਾ, ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਭੁੱਲਰ, ਮਨਦੀਪ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਨਪ੍ਰੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ, ਡੀ. ਡੀ. ਐਫ ਜੋਇਆ ਸਿੱਦੀਕੀ, ਸੀ. ਡੀ. ਪੀ. ਓ ਦਇਆ ਰਾਣੀ, ਜਸਵਿੰਦਰ ਕੌਰ, ਰਾਜ ਕੁਮਾਰੀ, ਪਰਮਜੀਤ ਕੌਰ, ਸੁਪਰਵਾਈਜ਼ਰ ਰਵਿੰਦਰ ਕੌਰ ਤੋਂ ਇਲਾਵਾ ਹੋਰ ਸ਼ਖਸੀਅਤਾਂ ਹਾਜ਼ਰ ਸਨ।