ਪੰਜਾਬ ਸਰਕਾਰ ਗੱਤਕੇ ਦੀ ਬੇਹਤਰੀ ਲਈ ਕੋਈ ਕਸਰ ਨਹੀਂ ਛੱਡੇਗੀ : ਬਲਕਾਰ ਸਿੰਘ

ਸੁਲਤਾਨਪੁਰ ਲੋਧੀ, 4 ਜੂਨ : 9ਵਾਂ ਏਕ ਓਕਾਂਰ ਗੱਤਕਾ ਨੈਸ਼ਨਲ ਕੱਪ ਲਈ ਮੁਕਾਬਲੇ ਨਿਰਮਲ ਕੁਟੀਆ ਸੀਚੇਵਾਲ ਵਿੱਚ ਸ਼ੁਰੂ ਹੋ ਗਏ ਹਨ। ਦੋ ਦਿਨ ਚੱਲਣ ਵਾਲੇ ਇੰਨ੍ਹਾਂ ਗੱਤਕਾ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਤੋਂ 21 ਸੂਬਿਆਂ ਦੀਆਂ ਟੀਮਾਂ ਆਈਆਂ ਹੋਈਆ ਹਨ। ਗੱਤਕਾ ਕੋਚ ਗੁਰਵਿੰਦਰ ਕੌਰ ਨੇ ਦੱਸਿਆ ਕਿ ਇਹ ਕੌਮੀ ਕੱਪ ਸੰਤ ਅਵਤਾਰ ਸਿੰਘ ਗੱਤਕਾ ਅਖਾੜਾ ਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਸਾਂਝੇ ਤੌਰ ‘ਤੇ ਕਰਵਾਇਆ ਜਾ ਰਿਹਾ ਹੈ। ਇੰਨ੍ਹਾਂ ਟੀਮਾਂ ਵਿੱਚ 650 ਦੇ ਕਰੀਬ ਖਿਡਾਰੀ ਤੇ ਪ੍ਰਬੰਧਕ ਹਿੱਸਾ ਲੈ ਰਹੇ ਹਨ। ਇਸ ਵਿੱਚ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਐਸਪੀਐਸ ਉਬਰਾਏ ਵੀ ਮੋਹਰੀ ਭੂਮਿਕਾ ਨਿਭਾਅ ਰਹੇ ਹਨ। 9ਵੇਂ ਨੈਸ਼ਨਲ ਗੱਤਕਾ ਕੱਪ ਦੀ ਰਸਮੀ ਸ਼ੁਰੂਆਤ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਬਲਕਾਰ ਸਿੰਘ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਾਂਝੇ ਤੌਰ ‘ਤੇ ਕੀਤੀ। ਇਸ ਮੌਕੇ ਦੂਜੇ ਸੂਬਿਆਂ ਤੋਂ ਆਏ ਗੱਤਕਾ ਖਿਡਾਰੀਆਂ ਦਾ ਪੰਜਾਬ ਆੳੇੁਣ ‘ਤੇ ਸਵਾਗਤ ਕਰਦਿਆ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਪੰਜਾਬ ‘ਤੇ ਉਨ੍ਹਾਂ ਸਾਰੇ ਗੱਤਕਾ ਖਿਡਾਰੀਆਂ ਦਾ ਸੂਬਾ ਸਰਕਾਰ ਤਹਿ ਦਿੱਲ ਤੋਂ ਸਤਿਕਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਵਿੱਚ ਪੰਜਾਬ ਦਾ ਜਿਹੜਾ 11ਵਾਂ ਸਥਾਨ ਆਇਆ ਹੈ ਉਸ ਵਿੱਚ ਗੱਤਕਾ ਖਿਡਾਰੀਆਂ ਦਾ ਵਡਾ ਯੋਗਦਾਨ ਹੈ। ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗੱਤਕਾ ਸਿਖਲਾਈ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਸ ਵਿਰਾਸਤੀ ਖੇਡ ਗੱਤਕਾ ਦੀ ਬੇਹਤਰੀ ਲਈ ਪੰਜਾਬ ਸਰਕਾਰ ਹਰ ਸੰਭਵ ਮੱਦਦ ਕਰੇਗੀ ਤੇ ਇਸ ਦੀ ਬੇਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿਛਲੇ  9 ਸਾਲਾਂ ਤੋਂ ਕਰਵਾਏ ਜਾਂਦੇ ਗੱਤਕਾ ਮੁਕਾਬਲਿਆਂ ਕਾਰਨ ਸੈਕੜੇ ਖਿਡਾਰੀ ਤਿਆਰ ਹੋਏ ਹਨ। ਇਸ ਮੌਕੇ ਰਾਜ ਸਭਾ ਮੈਂਬਰ  ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੱਤਕਾ ਸਾਡੇ ਗੁਰੂਆਂ ਵੱਲੋਂ ਸਵੈ-ਰੱਖਿਆ ਲਈ ਬਖ਼ਸ਼ਿਸ਼ ਕੀਤੀ ਗਈ ਅਣਮੁੱਲੀ ਦਾਤ ਹੈ। ਇਸ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਕੈਬਨਿਟ ਮੰਤਰੀ ਬਲਕਾਰ ਸਿੰੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਮੰਤਰੀ ਬਣ ਕੇ ਪਹਿਲੀਵਾਰ ਸੀਚੇਵਾਲ ਆਏ ਹਨ। ਉਨ੍ਹਾਂ ਕੋਲ ਜਿਹੜਾ ਸਥਾਨਕ ਸਰਕਾਰਾਂ ਬਾਰੇ ਵਿਭਾਗ ਹੈ ਉਹ ਸਿੱਧੇ ਤੌਰ ‘ਤੇ ਵਾਤਾਵਰਣ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਬਲਕਾਰ ਸਿੰਘ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਸੀਵਰੇਜਾਂ ਵੱਲ ਧਿਆਨ ਦੇਣ। ਕੌਮੀ ਕੱਪ ਗੱਤਕਾ ਫੈਡਰੇਸ਼ਨ ਦੇ ਉਪ ਪ੍ਰਧਾਨ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸੂਬਾਈ  ਪ੍ਰਧਾਨ ਡਾ: ਰਜਿੰਦਰ ਸਿੰਘ ਸੋਹਲ ਨੇ ਨਿਰਮਲ ਕੁਟੀਆ ਵਿੱਚ ਕੀਤੇ ਪ੍ਰਬੰਧਾਂ ਲਈ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਬਾਕਸ ਆਈਟਮ: ਕੋਚ ਗੁਰਵਿੰਦਰ ਕੌਰ ਤੇ ਤੇਜਿੰਦਰ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਗੱਤਕਾ ਮੁਕਾਬਲਿਆਂ ਵਿੱਚ ਤਿੰਨ ਉਮਰ ਵਰਗ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇੰਨ੍ਹਾਂ ਵਿੱਚ ਅੰਡਰ-14, ਅੰਡਰ 19 ਅਤੇ ਅੰਡਰ 25 ਉਮਰ ਵਰਗ ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਭਰ ਤੋ ਆਏ ਖਿਡਾਰੀਆਂ ਵਿੱਚ 200 ਦੇ ਕਰੀਬ ਲੜਕੀਆਂ ਵੀ ਹਨ। ਇੰਨ੍ਹਾਂ ਵਿੱਚ ਫਰੀ ਸੋਟੀ ਤੇ ਸਿੰਗਲ ਸੋਟੀ ਦੇ ਮੁਕਾਬਲੇ ਕਰਵਾਏ ਗਏ। ਪੂਰੇ ਸ਼ਾਸ਼ਤਰਾਂ ਸਮੇਤ ਪ੍ਰਦਰਸ਼ਨੀ ਕਰਤੱਵ ਵੀ ਦਿਖਾਏ ਗਏ। ਉਨ੍ਹਾਂ ਕਿਹਾ ਕਿ ਪਹਿਲੀਵਾਰ ਸੀਚੇਵਾਲ ਵਿੱਵ ਮੈਟ ‘ਤੇ ਮੁਕਾਬਲੇ ਕਰਵਾਏ ਗਏ ਹਨ।