ਪੰਜਾਬ ਸਰਕਾਰ ਨੇ ਸੂਬੇ ਦੇ ਹਰੇਕ ਲੋੜਵੰਦ ਦੀ ਬਾਂਹ ਫੜੀ ਹੈ : ਬ੍ਰਮ ਸ਼ੰਕਰ ਜਿੰਪਾ

  • ਕੈਬਨਿਟ ਮੰਤਰੀ ਨੇ ਵਾਰਡ ਨੰਬਰ 33 ਦੇ ਮੁਹੱਲਾ ਪ੍ਰੇਮਗੜ੍ਹ ਵਿਚ ਟਿਊਬਵੈੱਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ

ਹੁਸ਼ਿਆਰਪੁਰ, 15 ਨਵੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਹਰੇਕ ਲੋੜਵੰਦ ਵਿਅਕਤੀ ਦੀ ਬਾਂਹ ਫੜੀ ਹੈ ਅਤੇ ਉਨ੍ਹਾਂ ਲਈ ਕੰਮ ਕਰ ਰਹੀ ਹੈ ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਉਨ੍ਹਾਂ ਤੱਕ ਪਹੁੰਚ ਸਕੇ। ਉਹ ਵਾਰਡ ਨੰਬਰ 33 ਦੇ ਮੁਹੱਲਾ ਪ੍ਰੇਮਗੜ੍ਹ ਵਿਚ 29 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਜਾਣ ਵਾਲੇ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਮੌਕੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਲਾਕੇ ਵਿਚ 800 ਫੁੱਟ ਡੂੰਘੇ ਬੋਰ ਵਾਲਾ ਟਿਊਬਵੈੱਲ ਲਗਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੂੰ 600 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਹੈ। ਇਸ ਤੋਂ ਇਲਾਵਾ ਸਾਲਾਂ ਤੋਂ ਲਟਕ ਰਹੀ ਜਲੰਧਰ-ਹੁਸ਼ਿਆਰਪੁਰ ਸੜਕ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਹੁਸ਼ਿਆਰਪੁਰ 'ਚ ਮੈਡੀਕਲ ਕਾਲਜ ਖੁੱਲ੍ਹਣ ਜਾ ਰਿਹਾ ਹੈ, ਸਿਵਲ ਹਸਪਤਾਲ ਤੇ ਤਹਿਸੀਲ ਦੀ ਨਵੀਂ ਇਮਾਰਤ ਬਣਨ ਜਾ ਰਹੀ ਹੈ, ਪਿੰਡ ਬਜਵਾੜਾ ਵਿਚ ਸੀਵਰੇਜ ਲਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ |  ਇਸ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਕਾਰਜ ਹੁਸ਼ਿਆਰਪੁਰ ਵਿਚ  ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਕੌਂਸਲਰ ਗੁਰਪ੍ਰੀਤ ਕੌਰ, ਮੋਹਿਤ ਸੈਣੀ, ਵਿਜੇ ਅਗਰਵਾਲ, ਬਲਵੀਰ ਸੈਣੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।