ਪੰਜਾਬ ਸਰਕਾਰ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਹੈ : ਡਿਪਟੀ ਸਪੀਕਰ ਰੌੜੀ

ਹੁਸ਼ਿਆਰਪੁਰ : ਪਿੰਡ ਮਜਾਰੀ ਦਾ ਛਿੰਜ ਮੇਲਾ ਬੀਤੀ ਰਾਤ ਸ਼ਾਨੌ-ਸ਼ੌਕਤ ਨਾਲ ਸੰਪੰਨ ਹੋਇਆ ਜਿੱਥੇ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। 12-13 ਨਵੰਬਰ ਨੂੰ ਦੋ ਦਿਨ ਹੋਏ ਛਿੰਝ ਮੇਲੇ ਵਿੱਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਆਦਿ ਸੂਬਿਆਂ ਦੇ ਪ੍ਰਸਿੱਧ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਅਤੇ ਆਪੋ-ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਡਿਪਟੀ ਸਪੀਕਰ ਰੌੜੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਜੋ ਪੰਜਾਬ ਸੂਬੇ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਵਚਨਬੱਧ ਜਿਸਦੇ ਤਹਿਤ ਉਨ੍ਹਾਂ ਐਲਾਨ ਕੀਤਾ ਕਿ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਪਿੰਡ 'ਚ ਖੇਡ ਸਟੇਡੀਅਮ ਦੀ ਉਸਾਰੀ ਕੀਤੀ ਜਾਵੇਗੀ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਤੋਂ ਨੰਗਲ ਰੋਡ ਵਾਲੀ ਸੜ੍ਹਕ ਦੀ ਹਾਲਤ ਬੇਹੱਦ ਤਰਸਯੋਗ ਹੈ ਅਤੇ ਉਹ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਇਸ ਦੀ ਉਸਾਰੀ ਲਈ ਯਤਨਸ਼ੀਲ ਸਨ, ਜਿਸਨੂੰ ਹੁਣ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਪਹਿਲੀ ਦਸੰਬਰ ਤੋਂ ਪਹਿਲਾਂ ਇਸ ਸੜ੍ਹਕ ਦਾ ਟੈਂਡਰ ਜਾਰੀ ਕਰਕੇ ਇਸਦੇ ਨਿਰਮਾਣ ਕਾਰਜ਼ਾਂ ਦੀ ਸੁ਼ਰੂਆਤ ਕਰ ਦਿੱਤੀ ਜਾਵੇਗੀ ਤਾਂ ਜੋ ਤੈਅ ਸ਼ੁਦਾ ਸਮੇਂ ਵਿੱਚ ਇਸ ਮਾਰਗ ਨੂੰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾ ਸਕੇ। ਸਰਪੰਚ ਸੋਮਨਾਥ ਰਾਣਾ ਵਲੋਂ ਪਿੰਡ ਵਿੱਚ ਸੁਵਿਧਾ ਕੇਂਦਰ ਨੂੰ ਸ਼ੁਰੂ ਕਰਨ ਦੇ ਜੁਆਬ ਵਿੱਚ ਡਿਪਟੀ ਸਪੀਕਰ ਨੇ ਕਿਹਾ ਕਿ ਜਲਦ ਅੱਡਾ ਝੂੰਗੀਆਂ ਵਿਖੇ ਸਬ-ਤਹਿਸੀਲ ਸਥਾਪਿਤ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਖੱਜਲ ਖੁਆਰੀ ਤੋਂ ਨਿਜਾਤ ਦੁਆਈ ਜਾ ਸਕੇ।ਉਨ੍ਹਾਂ ਅੱਗੇ ਕਿਹਾ ਵਿਧਾਨ ਸਭਾ ਚੌਣਾਂ ਦੌਰਾਨ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਇੱਕ-ਇੱਕ ਕਰਕੇ ਪੂਰਿਆਂ ਕੀਤਾ ਜਾਵੇਗਾ ਅਤੇ ਪਿੰਡ ਮਜਾਰੀ ਦੇ ਰਹਿੰਦੇ ਵਿਕਾਸ ਕਾਰਜ਼ਾਂ ਨੂੰ ਪਹਿਲੇ ਦਾ ਆਧਾਰ 'ਤੇ ਮੁਕੰਮਲ ਕਰਦਿਆਂ ਪਿੰਡ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪਿੰਡ ਨੂੰ ਇੱਕ ਮਾਡਲ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ। ਸਰਪੰਚ ਸੋਮਨਾਥ ਰਾਣਾ ਦੀ ਅਗਵਾਈ ਵਾਲੀ ਛਿੰਜ ਕਮੇਟੀ ਅਤੇ ਰਾਜਪੂਤ ਭਾਈਚਾਰੇ ਦੇ ਸਮੂਹ ਪਤਵੰਤਿਆਂ ਦੇ ਸਹਿਯੋਗ ਨਾਲ ਇਹ ਕੁਸ਼ਤੀ ਦੰਗਲ ਪ੍ਰਾਚੀਨ ਸਿੱਧ ਬਾਬਾ ਬਾਲਕ ਨਾਥ ਮੰਦਿਰ ਦੇ ਨਾਲ ਲੱਗਦੇ ਖੇਡ ਮੈਦਾਨ ਵਿੱਚ ਕਰਵਾਇਆ ਗਿਆ। ਇਸ ਛਿੰਜ ਮੇਲੇ ਨੂੰ ਸਫਲਾ ਕਰਨ ਲਈ ਆਪਣੀ ਨੇਕ ਕਮਾਈ ਵਿਚੋਂ ਐਨ.ਆਰ.ਆਈ. ਵੀਰਾਂ ਵਲੋਂ ਵੀ ਵੱਧ ਚੜ੍ਹ ਕੇ ਯੋਗਦਾਨ ਪਾਇਆ ਗਿਆ। ਛਿੰਜ ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ (100 ਜੋੜੀਆਂ) ਨੇ ਆਪਣਾ ਜ਼ੋਰ ਦਿਖਾਇਆ। ਪਟਕਿਆਂ ਦੀਆਂ ਚਾਰ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਫਾਈਨਲ ਕੁਸ਼ਤੀ ਪ੍ਰਵੇਸ਼ ਬਹਾਦੁਰਗੜ੍ਹ ਅਤੇ ਪ੍ਰਵੀਨ ਕੋਹਾਲੀ ਵਿਚਕਾਰ ਹੋਈ। ਲਗਭਗ 20 ਮਿੰਟ ਦੇ ਗਹਿਗੱਚ ਮੁਕਾਬਲੇ ਉਪਰੰਤ ਫ਼ੈਸਲਾ ਨਾ ਹੋ ਸਕਣ ਕਾਰਨ ਦੋਵਾਂ ਪਹਿਲਵਾਨਾਂ ਵਿਚਕਾਰ ਅੰਕਾਂ ਦੇ ਆਧਾਰ 'ਤੇ ਕੁਸ਼ਤੀ ਹੋਈ, ਜਿਸ ਵਿੱਚ ਪ੍ਰਵੇਸ਼ ਬਹਾਦੁਰਗੜ੍ਹ ਜੇਤੂ ਰਿਹਾ। ਇਸੇ ਤਰ੍ਹਾਂ ਦੂਜੇ ਨੰਬਰ ਦੀ ਕੁਸ਼ਤੀ ਵਿੱਚ ਲਵਪ੍ਰੀਤ ਖੰਨਾ ਨੇ ਗੁਰਤੇਜ਼ ਕੋਹਾਲੀ ਨੂੰ ਹਰਾਇਆ, ਤੀਜੇ ਨੰਬਰ ਦੀ ਕੁਸ਼ਤੀ ਵਿੱਚ ਬਾਜ਼ ਰੌਣੀ ਨੇ ਨਰਿੰਦਰ ਝੰਜੇੜੀ, ਜੱਗਾ ਆਲਮਗੀਰ ਤੇ ਮਨਕਰਨ ਡੂਮਛੇੜੀ ਵਿਚਾਲੇ ਵੀ ਫੱਸਵੀ ਟੱਕਰ ਹੋਈ।ਕਾਬਿਲੇਗੌਰ ਹੈ ਕਿ ਫਗਵਾੜਾ 'ਚ ਵੱਸਦੇ ਸਰਪੰਚ ਸੋਮਨਾਥ ਰਾਣਾ ਨੂੰ ਆਪਣੇ ਜੱਦੀ ਪਿੰਡ ਮਜਾਰੀ ਦੀ ਮਿੱਟੀ ਰਾਤਾਂ ਨੂੰ ਸੌਣ ਨਹੀ ਦੇਦੀ ਅਤੇ ਹਮੇਸ਼ਾਂ ਉਨ੍ਹਾਂ ਦੇ ਮਨ ਵਿੱਚ ਪਿੰਡ ਨੂੰ ਤਰੱਕੀ ਦੀਆਂ ਲੀਹਾਂ 'ਤੇ ਨਿਰਵਿਘਨ ਤੋਰਨ ਦੀ ਤਾਂਘ ਬਣੀ ਰਹਿੰਦੀ ਹੈ। ਉਨ੍ਹਾਂ ਵੱਲੋ ਆਪਣੀ ਪਰਿਵਾਰਕ ਕਮਾਈ ਵਿੱਚੋ ਜਿੱਥੇ ਪਿੰਡ ਦੇ ਸਾਲਾਨਾ ਧਾਰਮਿਕ ਸਮਾਗਮਾਂ ਵਿੱਚ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ ਉੱਥੇ ਹੀ ਛਿੰਜ ਮੇਲੇ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ। ਸਰਪੰਚ ਸੋਮਨਾਥ ਰਾਣਾ ਅਗਲੇਰੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ।ਇਸ ਮੌਕੇ ਸਰਪੰਚ ਸੋਮਨਾਥ ਰਾਣਾ ਦੇ ਨਾਲ ਨੰਬਰਦਾਰ ਸੁਭਾਸ਼ ਰਾਣਾ, ਸੂਬੇਦਾਰ ਮੇਹਰ ਸਿੰਘ, ਸੁਰਜੀਤ ਧੀਮਾਨ, ਫੂਮਣ ਰਾਣਾ, ਸੁਸ਼ਿੰਦਰ ਰਾਣਾ, ਰਘੁਵਿੰਦਰ ਰਾਣਾ ਤੋ ਇਲਾਵਾ ਦਿਲਬਾਗ ਰਾਣਾ, ਜਗਦੇਵ ਰਾਣਾ, ਸਤਵਿੰਦਰ ਰਾਣਾ, ਐਨ.ਆਰ.ਆਈ. ਰਣਵੀਰ ਰਾਣਾ, ਕੁਲਵੀਰ ਰਾਣਾ, ਵਿਜੇ ਰਾਣਾ(ਦਿੱਲੀ), ਕੈਪਟਨ ਸੋਹਣ ਰਾਣਾ, ਧਰੁਵ ਰਾਣਾ, ਡਾ. ਮਹਿੰਦਰ ਅੰਗਾਰ (ਬਿੱਟੂ), ਰਾਮ ਫੌਜੀ, ਸਤੀਸ਼ ਰਾਣਾ (ਗੱਬਰ), ਸ਼ਿਵ ਕੁਮਾਰ (ਬਿੱਟੂ), ਵਿਜੇ ਰਾਣਾ (ਚੰਡੀਗੜ੍ਹ), ਸ਼ਿਵ ਕੁਮਾਰ (ਵਾਟਰ ਸਪਲਾਈ) ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਵਸਨੀਕਾਂ ਵਲੋ ਹਾਜ਼ਰੀ ਲਗਵਾਈ ਗਈ।