ਪਸ਼ੂ ਪਾਲਕਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ : ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਸ਼ੂ ਪਾਲਕਾਂ ਤੇ ਦੁੱਧ ਉਤਪਾਦਕਾਂ ਦੇ ਵਿਕਾਸ ਲਈ ਤੱਤਪਰ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰ ਖੇਤਰ ਵਿਚ ਦੁੱਧ ਦੀ ਉਪਲਬੱਧਤਾ ਰਹੇ, ਇਸ ਦੇ ਲਈ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਹ ਅੱਜ ਦੁੱਧ ਉਤਪਾਦਕ ਸਹਿਕਾਰੀ ਸਭਾ ਨਿਊ ਮਾਡਲ ਟਾਊਨ ਹੁਸ਼ਿਆਰਪੁਰ ਵਿਚ ਨਵਾਂ 2000 ਲੀਟਰ ਦੀ ਸਮਰੱਥਾ ਵਾਲਾ ਬਲਕ ਮਿਲਕ ਕੂਲਰ (ਬੀ.ਐਮ.ਸੀ.) ਦਾ ਉਦਘਾਟਨ ਕਰਨ ਦੌਰਾਨ ਦੁੱਧ ਉਤਪਾਦਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਕਾਂ ਦੇ ਵਿਕਾਸ ਲਈ ਉਨ੍ਹਾਂ ਨੂੰ ਬਿਨਾਂ ਵਿਆਜ 1,60,000 ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਵੀਨ ਸੈਣੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਮਿਲਕ ਯੂਨੀਅਨ ਹੁਸ਼ਿਆਰਪੁਰ ਵਲੋਂ ਦੁੱਧ ਉਤਪਾਦਕ ਸਹਿਕਾਰੀ ਸਭਾ ਨਿਊ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਇਹ ਬਲਕ ਮਿਲਕ ਕੂਲਰ (ਬੀ.ਐਮ.ਸੀ.) ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਬਲਕ ਮਿਲਕ ਕੁਲਰ ਸਭਾ ਨੂੰ ਨੈਸ਼ਨਲ ਪ੍ਰੋਗਰਾਮ ਆਫ਼ ਡੇਅਰੀ ਡਿਵੈਲਪਮੈਂਟ ਤਹਿਤ 60 ਫੀਸਦੀ ਸਬਸਿਡੀ ’ਤੇ ਮਿਲਕ ਯੂਨੀਅਨ ਹੁਸ਼ਿਆਰਪੁਰ ਵਲੋਂ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਲਕ ਮਿਲਕ ਕੁਲਰ ਦੇ ਲੱਗਣ ਨਾਲ ਦੁੱਧ ਦੀ ਗੁਣਵੱਤਾ ਵਿਚ ਸੁਧਾਰ ਆਵੇਗਾ ਅਤੇ ਦੁੱਧ ਜਲਦ ਤੋਂ ਜਲਦ ਠੰਡਾ ਹੋ ਕੇ ਮਿਲਕ ਯੂਨੀਅਨ ਹੁਸ਼ਿਆਰਪੁਰ ਵਿਖੇ ਪਹੁੰਚੇਗਾ, ਜਿਸ ਨਾਲ ਸਭਾ ਨੂੰ ਬਹੁਤ ਲਾਭ ਹੋਵੇਗਾ। ਮਿਲਕ ਪਲਾਂਟ ਤੋਂ ਆਏ ਡਾ. ਸਤਵੀਰ ਸਿੰਘ ਨੇ ਪਸ਼ੂਆਂ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਵੇਰਕਾ ਕੈਟਲ ਫੀਡ ਤੇ ਮਿਨਰਲ ਮਿਕਚਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਇੰਚਾਰਜ ਦੁੱਧ ਪ੍ਰਾਪਤੀ ਸ਼੍ਰੀ ਨਵਜੋਤ ਸਿੰਘ ਰਿਆੜ ਨੇ ਮੈਂਬਰਾਂ ਨੂੰ ਸਾਫ਼-ਸੁਥਰਾ ਦੁੱਧ ਪੈਦਾ ਕਰਨ ਦੇ ਲਾਭ ਤੇ ਨੁੱਕਤੇ ਸਾਂਝੇ ਕੀਤੇ ਅਤੇ ਸਾਰਾ ਦੁੱਧ ਆਪਣੀ ਸਭਾ ਵਿਚ ਪਾਉਣ ਦੀ ਅਪੀਲ ਕੀਤੀ। ਇਸ ਸਮਾਰੋਹ ਵਿਚ ਯੂਨੀਅਨ ਦੇ ਪ੍ਰਧਾਨ ਸ਼੍ਰੀ ਲੇਖ ਰਾਜ, ਸਕੱਤਰ ਸ਼੍ਰੀ ਬਲਰਾਮ ਕਟਾਰੀਆ, ਕੌਂਸਲਰ ਵਿਮਲਾ ਦੇਵੀ, ਕਮਲਜੀਤ ਕੰਮਾ, ਸੁਮੇਸ਼ ਸੋਨੀ, ਡਾ. ਸਤਵੀਰ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਦੁੱਧ ਉਤਪਾਦਕ ਵੀ ਮੌਜੂਦ ਸਨ।