ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਲਈ ਦਿੱਤੀ ਜਾਵੇਗੀ ਤਰਜੀਹ - ਡਿਪਟੀ ਕਮਿਸ਼ਨਰ

ਨਵਾਂਸ਼ਹਿਰ, 13 ਅਗਸਤ : ਪ੍ਰਵਾਸੀ ਭਾਰਤੀਆਂ ਦੇ ਮਸਲਿਆਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਰਜੀਹ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨ. ਆਰ. ਆਈ ਸਭਾ ਦੇ ਨੁਮਾਇੰਦਿਆਂ ਨਾਲ ਬੈਠਕ ਕਰਦਿਆਂ ਇਹ ਗੱਲ ਕਹੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸ. ਬੀ. ਐਸ. ਨਗਰ ਸਮੇਤ ਪੂਰਾ ਦੋਆਬਾ ਖੇਤਰ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਵਿਦੇਸ਼ ਦੇ ਵਿੱਚ ਵਸੇ ਹੋਏ ਹਨ। ਸਮੇਂ-ਸਮੇਂ ਸਿਰ ਜਿਥੇ ਐਨ. ਆਰ. ਆਈਜ਼ ਵਲੋਂ ਕਿਸੇ ਵੀ ਤਰ੍ਹਾਂ ਦੀ ਆਫ਼ਤ ਜਾਂ ਸਮੱਸਿਆਵਾਂ ਆਉਣ ’ਤੇ ਸਹਾਇਤਾ ਕੀਤੀ ਜਾਂਦੀ ਰਹੀ ਹੈ ਅਤੇ ਸਰਕਾਰਾਂ ਨੇ ਵੀ ਹਮੇਸ਼ਾ ਐਨ. ਆਰ. ਆਈਜ਼ ਦੇ ਨਾਲ ਖੜ੍ਹੀਆਂ ਰਹੀਆਂ ਹਨ। ਉਨ੍ਹਾਂ ਕਿਹਾ ਇਹ ਦੇਖਣ ਵਿਚ ਆਉਂਦਾ ਹੈ ਕਿ ਐਨ. ਆਰ. ਆਈਜ਼ ਜੋ ਕਿ ਆਪਣਾ ਘਰ ਅਤੇ ਜਮੀਨਾਂ ਛੱਡ ਕੇ ਬਾਹਰ ਵਸ ਜਾਂਦੇ ਹਨ। ਪਰ ਕੁੱਝ ਸ਼ਰਾਰਤੀ ਅਨਸਰ ਇਸਦਾ ਫਾਇਦਾ ਉਠਾ ਕੇ ਇਨ੍ਹਾਂ ਘਰਾਂ ਅਤੇ ਜਮੀਨਾਂ ’ਤੇ ਜਬਰਨ ਕਬਜੇ ਕਰ ਲੈਂਦੇ ਹਨ। ਜੋ ਕਿ ਬਹੁਤ ਹੀ ਨਿੰਦਣ ਯੋਗ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮਸਲਿਆਂ ’ਚ ਜ਼ਿਲ੍ਹਾ ਪ੍ਰਸ਼ਾਸ਼ਨ ਐਨ. ਆਰ. ਆਈਜ਼ ਦੇ ਨਾਲ ਖੜ੍ਹਾ ਹੈ ਅਤੇ ਇਸ ਸਮੱਸਿਆ ਦੇ ਹੱਲ ਲਈ ਐਨ. ਆਰ. ਆਈਜ਼ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸੇ ਐਨ. ਆਰ. ਆਈਜ਼ ਨੂੰ ਕੋਈ ਵੀ ਸਮੱਸਿਆ ਆਉਂਦੇ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਿੱਧੇ ਤੌਰ ’ਤੇ ਰਾਬਤਾ ਕਰ ਸਕਦੇ ਹਨ। ਸਾਰਿਆਂ ਐਨ. ਆਰ. ਆਈਜ਼ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੜੀ ਖੁਸ਼ੀ ਗਲ ਹੈ ਕਿ 28 ਤੋਂ 30 ਸਤੰਬਰ ਤੱਕ ਖਟਕੜ ਕਲਾਂ ਵਿਖੇ ਇਨਕਲਾਬ ਫੈਸਟੀਵਲ ਕਰਵਾਇਆ ਜਾਵੇਗਾ। ਜਿਸਦੇ ਵਿੱਚ ਐਨ. ਆਰ. ਆਈ ਭਰਾਵਾਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਇਸ ਦੌਰਾਨ ਐਨ. ਆਰ. ਆਈ ਸਭਾ ਦੇ ਸਕੱਤਰ ਹਰਭਜਨ ਸਿੰਘ ਲੱਖਪੁਰ ਵਲੋਂ ਡਿਪਟੀ ਕਮਿਸ਼ਨਰ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।