ਪਿੰਡ ਚੱਕ ਸਾਧੂ ਤੋਂ ਚੱਗਰਾਂ ਤੱਕ ਬਣੀ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦਾ ਹੋਇਆ ਉਦਘਾਟਨ

  • ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਕੈਬਨਿਟ ਮੰਤਰੀ ਜਿੰਪਾ ਨੇ ਸਾਂਝੇ ਤੌਰ ’ਤੇ ਕੀਤਾ ਸੜਕ ਦਾ ਉਦਘਾਟਨ
  • 7 ਕਰੋੜ 53 ਲੱਖ ਰੁਪਏ ਨਾਲ ਬਣਾਈ ਗਈ 10.47 ਕਿਲੋਮੀਟਰ ਲੰਬੀ ਸੜਕ
  • ਪੰਜਾਬ ਸਰਕਾਰ ਨਾਲ ਮਿਲ ਕੇ ਕੇਂਦਰੀ ਯੋਜਨਾਵਾਂ ਤਹਿਤ ਕਰਵਾਏ ਜਾਣਗੇ ਵਿਕਾਸ ਕਾਰਜ : ਸੋਮ ਪ੍ਰਕਾਸ਼
  • ਕੇਂਦਰ ਸਰਕਾਰ ਪੰਜਾਬ ਨੂੰ ਆਰ.ਡੀ.ਐਫ ਦਾ ਪੈਸਾ ਜਾਰੀ ਕਰਕੇ ਸੂਬੇ ਦੇ ਪੇਂਡੂ ਵਿਕਾਸ ’ਚ ਕਰੇ ਸਹਿਯੋਗ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 8 ਜੁਲਾਈ : ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਤੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਸਾਂਝੇ ਤੌਰ ’ਤੇ ਅੱਜ ਸ਼ਾਮ 7 ਕਰੋੜ 53 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਚੱਕ ਸਾਧੂ ਤੋਂ ਪਿੰਡ ਚੱਗਰਾਂ ਤੱਕ ਬਣੀ 10.47 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕੀਤਾ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਮਿਲ ਕੇ ਕੇਂਦਰੀ ਯੋਜਨਾਵਾਂ ਤਹਿਤ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ, ਮੇਅਰ ਸੁਰਿੰਦਰ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਲਰਾਜ ਸਿੰਘ ਵੀ ਮੌਜੂਦ ਸਨ। ਕੇਂਦਰੀ ਰਾਜ ਮੰਤਰੀ ਤੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਰਾਹੀਂ ਸੜਕ ਨੈਟਵਰਕ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਕਈ ਮਹੱਤਵਪੂਰਨ ਸੜਕਾਂ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਾਈ ਗਈ ਇਹ ਸੜਕ ਪਿੰਡ ਚੱਕ ਸਾਧੂ ਤੋਂ ਸ਼ੁਰੂ ਹੋ ਕੇਪਿੰਡ ਮੰਨਣ, ਬੱਸੀ ਹਸਤ ਖਾਂ ਹੁੰਦੀ ਹੋਈ ਮਲਮਾਜਾਰਾ ਤੇ ਬਹਾਦਰਪੁਰ ਬਾਹੀਆਂ ਤੋਂ ਹੁੰਦੀ ਹੋਈ ਚੰਡੀਗੜ੍ਹ ਰੋਡ ਚੱਗਰਾਂ ਵਿਚ ਨਿਕਲੇਗੀ, ਜਿਸ ਨਾਲ ਗਵਾਂਢੀ ਰਾਜ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀ ਆਵਾਜਾਈ ਨੂੰ ਵੀ ਬਹੁਤ ਫਾਇਦਾ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਭਵਿੱਖ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਇਸ ਪ੍ਰੋਜੈਕਟ ਨਾਲ ਲੋਕਾਂ ਨੂੰ ਬਹੁਤ ਲਾਭ ਮਿਲੇਗਾ ਅਤੇ ਹੁਣ ਸ਼ਹਿਰ ਵਿਚ ਆਉਣ ਵਾਲੇ ਵੱਡੇ ਟ੍ਰੈਫਿਕ ਨੂੰ ਬਾਹਰ ਤੋਂ ਹੀ ਚੰਡੀਗੜ੍ਹ ਰੋਡ ਲਈ ਤਬਦੀਲ ਕੀਤਾ ਜਾ ਸਕੇਗਾ। ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਨੂੰ ਲੈ ਕੇ ਤੱਤਪਰ ਹੈ। ਇਸ ਦੌਰਾਨ ਉਨ੍ਹਾਂ ਨੇ ਕੇਂਦਰੀ ਰਾਜ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਆਰ.ਡੀ.ਐਫ ਫੰਡ ਨੂੰ ਜਲਦ ਜਾਰੀ ਕਰਕੇ ਪੰਜਾਬ ਦੇ ਪੇਂਡੂ ਵਿਕਾਸ ਵਿਚ ਸਹਿਯੋਗ ਕਰੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਸਰਪੰਚ ਹਰਜਿੰਦਰ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।