ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਨਾਲ ਸਬੰਧਤ 6 ਵਿਦੇਸ਼ੀ ਔਰਤਾਂ ਨੂੰ ਕੀਤਾ ਗ੍ਰਿਫਤਾਰ 

ਕਪੂਰਥਲਾ, 3 ਮਾਰਚ : ਕਪੂਰਥਲਾ ਦੀ ਫਗਵਾੜਾ ਸਬ ਡਵੀਜ਼ਨ 'ਚ ਪੁਲਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਨਾਲ ਸਬੰਧਤ 6 ਵਿਦੇਸ਼ੀ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਥਾਣਾ ਸਤਨਾਮਪੁਰਾ ਦੇ ਐੱਸਐੱਚਓ ਗੌਰਵ ਧੀਰ ਨੇ ਦੱਸਿਆ ਕਿ ਗ੍ਰਿਫ਼ਤਾਰ ਔਰਤਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 506 ਅਤੇ 341 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਹਨੂੰਮਾਨਗੜ੍ਹ ਰਾਜਸਥਾਨ ਹਾਲ ਵਾਸੀ ਮਹੇੜੂ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਡੋਗਰਾ ਢਾਬੇ ਤੋਂ ਖਾਣਾ ਖਾ ਕੇ ਆ ਰਿਹਾ ਸੀ ਤਾਂ ਇੱਕ ਵਿਦੇਸ਼ੀ ਔਰਤ ਉਸ ਨੂੰ ਢਾਬੇ ਤੋਂ ਥੋੜਾ ਅੱਗੇ ਜਾ ਕੇ ਹਨੇਰੇ ਵਿੱਚ ਇੱਕ ਪਾਸੇ ਲੈ ਗਈ। ਜਿੱਥੇ 5 ਹੋਰ ਵਿਦੇਸ਼ੀ ਔਰਤਾਂ ਪਹਿਲਾਂ ਹੀ ਮੌਜੂਦ ਸਨ। ਸ਼ਿਕਾਇਤ ਕਰਦਿਆਂ ਦਲਜੀਤ ਨੇ ਇਹ ਵੀ ਦੱਸਿਆ ਕਿ ਉਕਤ ਔਰਤਾਂ ਨੇ ਉਨ੍ਹਾਂ ਨੂੰ ਹਥਿਆਰ ਦਿਖਾ ਕੇ ਸਾਰਾ ਸਮਾਨ ਦੇਣ ਦੀ ਮੰਗ ਕੀਤੀ। ਸਤਨਾਮਪੁਰਾ ਥਾਣੇ ਦੇ ਐਸਐਚਓ ਗੌਰਵ ਧੀਰ ਅਨੁਸਾਰ ਐਸਐਸਪੀ ਵਤਸਲਾ ਗੁਪਤਾ ਦੇ ਨਿਰਦੇਸ਼ਾਂ ’ਤੇ ਪੁਲੀਸ ਪਾਰਟੀ ਨੇ ਅਪਰਾਧਿਕ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਡੋਗਰਾ ਢਾਬੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਾਲ ਵਿਛਾ ਕੇ ਲੋਕਾਂ ਨੂੰ ਲੁੱਟਣ ਵਾਲੀਆਂ 6 ਵਿਦੇਸ਼ੀ ਔਰਤਾਂ ਨੂੰ ਕਾਬੂ ਕੀਤਾ ਗਿਆ।