ਬਲਾਚੌਰ ਤੋਂ ਵਰਿੰਦਾਵਨ ਗਏ ਸ਼ਰਧਾਲੂਆਂ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਦੋ ਔਰਤਾਂ ਦੀ ਮੌਤ

ਬਲਾਚੌਰ, 28 ਦਸੰਬਰ : ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਤੋਂ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਲਈ ਸ਼ਰਧਾਂਲੂਆਂ ਨਾਲ ਉੱਤਰ ਪ੍ਰਦੇਸ਼ ਦੇ ਸ਼ਹਿਰ ਬਾਗਪੁਰ ‘ਚ ਵਾਪਰੇ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਲਾਚੌਰ ਤੋਂ 13 ਸ਼ਰਧਾਲੂ ਟੈਂਪੂ ਟਰੈਵਲਰ ਰਾਹੀਂ ਵਰਿੰਦਾਵਨ ਅਤੇ ਹੋਰ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਣ ਲਈ ਗਏ ਸਨ, ਜਿਸ ਵਿੱਚ ਜਿਆਦਾ ਗਿਣਤੀ ਬੀਬੀਆਂ ਦੀ ਹੀ ਸੀ। ਸ਼ਰਧਾਲੂ ਜਦੋਂ ਟੈਂਪੂ ਟਰੈਵਲਰ ‘ਚ ਸਵਾਰ ਹੋ ਕੇ ਵਾਪਸ ਆ ਰਹੇ ਸਨ ਤਾਂ ਇਸਟਰਨ ਪੇਰੀਫੇਰਲ ਐਕਸਪ੍ਰੈਸ ਵੇਅ ਤੇ ਲੱਕੜੀ ਨਾਲ ਭਰੇ ਇੱਕ ਟਰੱਕ ਨਾਲ ਟੈਂਪੂ ਟਰੈਵਲਰ ਦੀ ਟੱਕਰ ਹੋ ਗਈ, ਜਿਸ ਕਾਰਨ ਦੋ ਔਰਤਾਂ ਸੀਮਾ (45) ਪਤਨੀ ਰਾਣਾ ਸ਼ਤੀਸ ਕੁਮਾਰ ਵਾਸੀ ਬਲਾਚੌਰ, ਮਨਦੀਪ ਕੌਰ ਪੁੱਤਰੀ ਬਖਸ਼ੀਸ਼ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਤੋਂ ਇਲਾਵਾ ਟੈਂਪੂ ਟਰੈਵਲਰ ਡਰਾਈਵਰ ਸਮੇਤ 13 ਹੋਰ ਜਖ਼ਮੀ ਹੋ ਗਏ। ਪਰਿਵਾਰਿਕ ਮੈਂਬਰਾਂ ਅਨੁਸਾਰ ਦੋਵੇਂ ਮ੍ਰਿਤਕ ਔਰਤਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਉਪਰੰਤ ਬਲਾਚੌਰ ਲਿਆਂਦੀਆਂ ਜਾ ਰਹੀਆਂ ਹਨ।