ਪੰਜਾਬ ‘ਚ ਆਪ ਨੇ 13 ਲੋਕ ਸਭਾ ਸੀਟਾਂ ਵਿੱਚੋਂ 8 ਮੌਜ਼ੂਦਾ ਵਿਧਾਇਕਾਂ ਨੂੰ ਬਣਾਇਆ ਉਮੀਦਵਾਰ, ਤਿੰਨ ਦੂਸਰੀਆਂ ਪਾਰਟੀਆਂ ਤੋਂ ਆਇਆਂ ਨੂੰ ਦਿੱਤੀਆਂ ਟਿਕਟਾਂ

ਜਲੰਧਰ, 16 ਅਪ੍ਰੈਲ : ਲੋਕ ਸਭਾ ਚੋਣਾਂ 2024 ਦਾ ਦੰਗਲ ਦਿਨ ਬਦਿਨ ਸਰਗਰਮ ਹੁੰਦਾ ਜਾ ਰਿਹਾ ਹੈ। ਚੋਣਾਂ ਲੜ੍ਹਨ ਲਈ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਜਾ ਰਿਹਾ ਹੈ, ਉਸੇ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੂਬੇ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਪਰ ਆਪ ਪਾਰਟੀ ਅਤੇ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਇੰਝ ਜਾਪ ਰਿਹਾ ਹੈ ਕਿ ਆਪ ਪਾਰਟੀ ਵੱਲੋਂ 2 ਸਾਲਾਂ ਵਿੱਚ ਆਪਣੇ ਨਵੇਂ ਆਗੂਆਂ ਨੂੰ ਪੈਦਾ ਨਹੀਂ ਕਰ ਸਕੀ, ਜੋ ਚੋਣ ਲੜ੍ਹਨ ਦੇ ਕਾਬਲ ਹੋਣ।  ਕਿਉਂਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ 8 ਮੌਜ਼ੂਦਾ ਵਿਧਾਇਕਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ ਹਨ, ਜਦੋਂ ਕਿ ਤਿੰਨ ਟਿਕਟਾਂ ਦੂਸਰੀਆਂ ਪਾਰਟੀਆਂ ਨੂੰ ਅਲਵਿਦਾ ਆਖ਼ ਕੇ ਆਏ ਆਗੂਆਂ ਨੂੰ ਦਿੱਤੀਆਂ ਗਈਆਂ ਹਨ। ਪਾਰਟੀ ਵੱਲੋਂ ਲੋਕ ਸਭਾ ਹਲਕਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੌਜ਼ੂਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ‘ਚ ਲਿਆਂਦਾ ਗਿਆ ਹੈ, ਉਨ੍ਹਾਂ ਤੋਂ ਇਲਾਵਾ ਬਠਿੰਡਾ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਖੰਡੂਰ ਸਾਹਿਬ ਤੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸੰਗਰੂਰ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਪਟਿਆਲਾ ਤੋਂ ਕੈਬਨਿਟ ਮੰਤਰੀ ਬਲਵੀਰ ਸਿੰਘ ਚੋਣ ਮੈਦਾਨ ‘ਚ ਹਨ, ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪੱਪੀ ਪਰਾਸਰ, ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ, ਗੁਰਦਾਸਪੁਰ ਤੋਂ ਵਿਧਾਨ ਅਮਨਸ਼ੇਰ ਸ਼ੈਰੀ ਹਨ। ਜਲੰਧਰ ਤੋਂ ਸਾਬਕਾ ਵਿਧਾਇਕ ਪਵਨ ਕੁਮਾਟ ਟੀਨੂੰ, ਫਰੀਦਕੋਟ ਤੋਂ ਅਦਾਕਾਰ ਕਰਮਜੀਤ ਅਨਮੋਲ, ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ, ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਇਲੈਕਸ਼ਨ ਲੜ੍ਹ ਰਹੇ ਹਨ। ਇੰਨ੍ਹਾਂ ਉਮੀਦਵਾਰਾਂ ਵਿੱਚੋਂ ਕੌਣ ਜਿੱੱਤਦਾ ਹੈ ਅਤੇ ਕੌਣ ਹਾਰੇਗਾ, ਇਹ ਤਾਂ ਆਉਣ ਵਾਲੀ 4 ਜੂਨ ਨੂੰ ਪਤਾ ਲੱਗੇਗਾ, ਪਰ ਇਹ ਤਾਂ ਸਾਫ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ 2024 ਵਿੱਚ ਆਪਣੀ ਸਾਖ਼ ਬਚਾਉਣ ਲਈ ਮੌਜ਼ੂਦਾ ਵਿਧਾਇਕਾਂ ਅਤੇ ਦੂਸਰੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਏ ਆਗੂਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ।