ਪੌਸ਼ਟਿਕ ਭੋਜਨ ਹੀ ਮਨੁੱਖੀ ਜੀਵਨ ਦਾ ਆਧਾਰ ਹੈ : ਕੈਬਨਿਟ ਮੰਤਰੀ ਜਿੰਪਾ

  • ਕੈਬਨਿਟ ਮੰਤਰੀ ਨੇ ਪੋਸ਼ਣ ਮਹੀਨੇ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ 'ਚ  ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 
  • ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਵਿਖੇ ਕਰਵਾਇਆ ਗਿਆ ਸਮਾਗਮ 
  • ਸਮਾਗਮ ਦੌਰਾਨ 21 ਗਰਭਵਤੀ ਔਰਤਾਂ ਨੂੰ ਸੰਤੁਲਿਤ ਖੁਰਾਕ ਦੀਆਂ ਟੋਕਰੀਆਂ, ਕਿਸ਼ੋਰੀਆਂ ਨੂੰ ਸੈਨੇਟਰੀ ਪੈਡ ਦੇਣ ਤੋਂ ਇਲਾਵਾ 6 ਮਹੀਨੇ ਦੇ ਬੱਚਿਆਂ ਨੂੰ ਕਰਵਾਇਆ ਅੰਨ-ਪ੍ਰਾਸ਼ਣ 

ਹੁਸ਼ਿਆਰਪੁਰ, 24 ਸਤੰਬਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੌਸ਼ਟਿਕ ਭੋਜਨ ਮਨੁੱਖੀ ਜੀਵਨ ਦਾ ਆਧਾਰ ਹੈ ਪਰ ਅੱਜ ਅਸੀਂ ਭੋਜਨ ਦੇ ਪੌਸ਼ਟਿਕ ਮਹੱਤਵ ਨੂੰ ਭੁੱਲ ਕੇ ਗੈਰ-ਰਵਾਇਤੀ ਭੋਜਨ ਵੱਲ ਆਕਰਸ਼ਿਤ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਬੱਚੇ ਦੇ ਸਰਬਪੱਖੀ ਵਿਕਾਸ ਲਈ ਮਾਂ ਦਾ ਦੁੱਧ ਅਤੇ ਓਪਰੀ ਖ਼ੁਰਾਕ ਸਹੀ ਸਮੇਂ 'ਤੇ ਦਿੱਤੀ ਜਾਵੇ ਅਤੇ ਬੱਚਿਆਂ ਨੂੰ ਭੋਜਨ ਦਿੰਦੇ ਸਮੇਂ ਪੌਸ਼ਟਿਕ ਗੁਣਾਂ ਵਾਲੇ ਤੱਤ ਸ਼ਾਮਿਲ ਕੀਤੇ ਜਾਣ | ਉਹ ਅੱਜ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਪੰਜਾਬ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ ਮਹੀਨਾ 2023 ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਵਿਭਾ ਸ਼ਰਮਾ, ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੋਸ਼ਣ ਸਬੰਧੀ ਜਾਗਰੂਕਤਾ ਨਾਲ ਹੀ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਗਰਭਵਤੀ ਔਰਤਾਂ ਲਈ ਪੌਸ਼ਟਿਕ ਆਹਾਰ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਤੰਦਰੁਸਤ ਬੱਚਿਆਂ ਨਾਲ ਹੀ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 'ਰੰਗਲੇ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੁਪੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦੀ ਸਮੇਂ ਸਿਰ ਸ਼ਨਾਖਤ ਕਰਕੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖ ਕੇ ਹੀ ਇਸ ਮਿਸ਼ਨ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੌਸ਼ਟਿਕ ਭੋਜਨ ਖਵਾ ਕੇ ਹੀ ਸਿਹਤਮੰਦ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ। ਇਸ ਦੌਰਾਨ ਮੁੱਖ ਮਹਿਮਾਨ ਵੱਲੋਂ 21 ਗਰਭਵਤੀ ਔਰਤਾਂ ਦੀ  ਗੋਦ ਭਰਾਈ ਸੰਤੁਲਿਤ ਆਹਾਰ ਦੀਆਂ ਟੋਕਰੀਆਂ ਨਾਲ ਕੀਤੀ ਗਈ। ਇਸ ਦੇ ਨਾਲ ਹੀ 6 ਮਹੀਨੇ ਦੀ ਉਮਰ ਦੇ ਬੱਚਿਆਂ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਓਪਰੀ ਖ਼ੁਰਾਕ ਦੇ ਕੇ ਅੰਨ-ਪ੍ਰਾਸ਼ਣ ਵੀ ਕਰਵਾਇਆ ਗਿਆ। ਨਿੱਜੀ ਸਾਫ਼-ਸਫਾਈ, ਮਾਹਵਾਰੀ ਸਵੱਛਤਾ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ 21 ਕਿਸ਼ੋਰੀਆਂ ਨੂੰ ਸੈਨੇਟਰੀ ਪੈਡ ਵੀ ਵੰਡੇ ਗਏ। ਪ੍ਰੋਗਰਾਮ ਦੇ ਸੰਚਾਲਨ ਵਿਚ ਸਵਾਮੀ ਸਰਵਾਨੰਦ ਗਿਰੀ ਖੇਤਰੀ ਕੇਂਦਰ ਦੀ ਐਨ.ਐਸ.ਐਸ ਯੂਨਿਟ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੱਖ ਵੱਖ ਵਿਸ਼ਿਆਂ ਸੰਬੰਧੀ ਲਗਾਈ ਗਈ ਪ੍ਰਦਰਸ਼ਨੀ ਦਾ ਨਿਰੀਖਣ ਵੀ ਕੀਤਾ, ਜਿਸ ਵਿਚ ਸੰਤੁਲਿਤ ਖੁਰਾਕ, ਘੱਟ ਕੀਮਤ ਵਾਲੀਆਂ ਸਥਾਨਕ ਪੌਸ਼ਟਿਕ ਸਬਜ਼ੀਆਂ ਅਤੇ ਬੱਚਿਆਂ ਦੇ ਪੋਸ਼ਣ ਦੀ ਸਥਿਤੀ ਦੀ ਜਾਂਚ ਕਰਨ ਲਈ ਗਰੋਥ ਮੋਨੀਟਰਿੰਗ (ਲੰਬਾਈ ਅਤੇ ਭਾਰ) ਦੀ ਮਹੱਤਤਾ, ਅਨੀਮੀਆ ਦੀ ਰੋਕਥਾਮ ਸਬੰਧੀ ਜਾਗਰੂਕਤਾ, ਅਨੀਮੀਆ ਦੀ ਜਾਂਚ, ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵੱਲੋਂ ਮੋਟੇ ਅਨਾਜ ਦੀ ਵਰਤੋਂ ਸਬੰਧੀ ਜਾਗਰੂਕਤਾ, ਜੰਗਲਾਤ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਖਾਣਯੋਗ ਪੌਦਿਆਂ ਦੀਆਂ ਪ੍ਰਦਰਸ਼ਨੀਆਂ ਅਤੇ ਪੌਸ਼ਟਿਕ ਰੰਗੋਲੀ ਆਦਿ ਸ਼ਾਮਿਲ ਸੀ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ 6 ਸਾਲ ਤੱਕ ਦੇ ਬੱਚਿਆਂ ਅਤੇ ਕਿਸ਼ੋਰੀਆਂ ਨੂੰ ਜੀਵਨ ਦੇ ਮਹੱਤਵਪੂਰਨ ਪੜਾਵਾਂ ਜਿਵੇਂ ਕਿ ਗਰਭ ਅਵਸਥਾ ਅਤੇ ਖ਼ੁਰਾਕ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਨੇ ਪੋਸ਼ਣ ਮਹੀਨੇ ਦੌਰਾਨ ਆਂਗਣਵਾੜੀ ਕੇਂਦਰ ਪੱਧਰ 'ਤੇ ਕੀਤੇ ਜਾ ਰਹੇ ਪੋਸ਼ਣ ਅਤੇ ਸਿਹਤ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਮਨਿੰਦਰ ਸਿੰਘ ਬੈਂਸ ਅਤੇ ਸਹਾਇਕ ਪ੍ਰੋਫੈਸਰ ਡਾ. ਔਲਖ ਵੱਲੋਂ ਬਾਜਰੇ (ਮੋਟੇ ਅਨਾਜ) ਅਤੇ ਰਸੋਈ ਬਾਗਬਾਨੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ। ਇਸ ਦੌਰਾਨ ਪੋਸ਼ਣ ਮਹੀਨੇ ਦਾ ਸੁਨੇਹਾ ਦਿੰਦੇ ਗਿੱਧੇ, ਨੁੱਕੜ ਨਾਟਕ, ਮਾਈਮ ਅਤੇ ਕਵਿਤਾ ਨੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਇਸ ਮੌਕੇ ਸਿਵਲ ਸਰਜਨ ਡਾ: ਬਲਵਿੰਦਰ ਸਿੰਘ ਡੁਮਾਣਾ, ਕੈਂਪਸ ਡਾਇਰੈਕਟਰ ਪ੍ਰੋਫੈਸਰ ਡਾ. ਐਚ.ਐਸ.ਬੈਂਸ, ਜ਼ਿਲ੍ਹਾ ਬਾਲ ਵਿਕਾਸ ਅਫ਼ਸਰ ਡਾ: ਹਰਪ੍ਰੀਤ ਕੌਰ, ਸੀ.ਡੀ.ਪੀ.ਓ ਦਇਆ ਰਾਣੀ, ਸੀ.ਡੀ.ਪੀ.ਓ ਮੰਜੂ ਬਾਲਾ, ਵਰਿੰਦਰ ਸ਼ਰਮਾ ਬਿੰਦੂ, ਮਨੀਸ਼ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ 'ਚ ਆਂਗਣਵਾੜੀ ਵਰਕਰਾਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।