ਬੇਟ ਅਤੇ ਕੰਢੀ ਇਲਾਕਿਆਂ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਨਹੀਂ ਛੱਡੀ ਜਾਵੇਗੀ ਕੋਈ ਕਮੀ : ਸੰਤ ਸੀਚੇਵਾਲ

  • ਰਾਜ ਸਭਾ ਮੈਂਬਰ ਨੇ 35 ਲੱਖ ਦੀ ਲਾਗਤ ਨਾਲ ਦਸੂਹਾ ਦੇ 9 ਪਿੰਡਾਂ ਨੂੰ ਪੀਣ ਵਾਲੇ ਪਾਣੀ ਦੇ ਵਿਸ਼ੇਸ਼ ਟੈਂਕਰ ਕਰਵਾਏ ਮੁਹੱਈਆ
  • ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਹਲਕੇ ਦੀ ਬਾਂਹ ਫੜਨ ਲਈ ਸੰਤ ਸੀਚੇਵਾਲ ਦਾ ਕੀਤਾ ਧੰਨਵਾਦ

ਦਸੂਹਾ, 7 ਨਵੰਬਰ : ਦਸੂਹਾ ਦੇ ਬੇਟ ਇਲਾਕਿਆਂ ਵਿਚ ਬਾਰਿਸ਼ਾਂ ਦੌਰਾਨ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਅੱਜ ਰਾਜ ਸਭਾ ਮੈਂਬਰ ਅਤੇ ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਦੀ ਮੌਜੂਦਗੀ ਵਿਚ ਹਲਕੇ ਦੇ 9 ਪਿੰਡਾਂ ਨੂੰ ਕਰੀਬ 35 ਲੱਖ ਰੁਪਏ ਦੀ ਲਾਗਤ ਵਾਲੇ ਪਾਣੀ ਦੇ ਟੈਂਕਰ ਮੁਹੱਈਆ ਕਰਵਾਏ। ਇਸ ਸਬੰਧੀ ਬੀ. ਡੀ. ਪੀ. ਓ ਦਫ਼ਤਰ ਦਸੂਹਾ ਵਿਖੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਬੇਟ ਅਤੇ ਕੰਢੀ ਇਲਾਕਿਆਂ ਵਿਚ ਅਕਸਰ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਦੂਰ ਕਰਨ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਕਰਕੇ ਉਨ੍ਹਾਂ ਵੱਲੋਂ ਆਪਣੇ ਐਮ. ਪੀ ਲੈਡ ਫੰਡ ਵਿਚੋਂ ਸਟੀਲ ਦੀ ਬਾਡੀ ਵਾਲੇ ਵਿਸ਼ੇਸ਼ ਪਾਣੀ ਦੇ ਟੈਂਕਰ ਤਿਆਰ ਕਰਵਾ ਕੇ ਅਜਿਹੇ ਪਿੰਡਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਲਕੇ ਦੇ ਕੰਢੀ ਇਲਾਕੇ ਦੇ ਪਿੰਡਾਂ ਦੀ ਮੰਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਅਜਿਹੇ 10 ਹੋਰ ਟੈਂਕਰ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਦੀਆਂ ਹੋਰਨਾਂ ਮੰਗਾਂ ’ਤੇ ਵੀ ਗੰਭੀਰਤਾ ਨਾਲ ਵਿਚਾਰ ਕਰਦਿਆਂ ਲੋੜੀਂਦੇ ਵਿਕਾਸ ਕਾਰਜ ਕਰਵਾਏ ਜਾਣਗੇੇ। ਸੰਤ ਸੀਚੇਵਾਲ ਨੇ ਕਿਹਾ ਕਿ ਮੁੰਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਅਤੇ ਲੋਕ ਹਿਤੈਸ਼ੀ ਕੰਮ ਵੱਡੇ ਪੱਧਰ ’ਤੇ ਉਲੀਕੇ ਗਏ ਹਨ। ਹਲਕਾ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਦਸੂਹਾ ਦੇ ਲੋਕਾਂ ਦੀ ਬਾਂਹ ਫੜਨ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਹਲਕੇ ਦੇ ਪਿੰਡਾ ਗਾਲੋਵਾਲ, ਝਿੰਗੜ੍ਹ ਕਲਾਂ, ਖੇੜਾ ਕੋਟਲੀ, ਜੰਡੋਰ, ਛੋੜੀਆ, ਕੱਲੇਵਾਲ, ਨਰਾਇਣਗੜ੍ਹ, ਘੋਗਰਾ ਅਤੇ ਸੰਸਾਰਪੁਰ ਨੂੰ ਪੀਣ ਵਾਲੇ ਪਾਣੀ ਦੇ ਵਿਸ਼ੇਸ਼ ਟੈਂਕਰ ਮੁਹੱਈਆ ਕਰਵਾਏ ਗਏ ਹਨ, ਜਿਸ ਨਾਲ ਹਲਕੇ ਦੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੰਤ ਸੀਚੇਵਾਲ ਵੱਲੋਂ ਬੇਈਂ ਦੀ ਸਫ਼ਾਈ ਕਰਵਾ ਕੇ ਦਸੂਹਾ ਹਲਕੇ ਦੇ ਬੇਟ ਇਲਾਕੇ ਦੇ ਸੇਮ ਦੀ ਮਾਰ ਝੱਲ ਰਹੇ 25 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲ ਅਤੇ ਵਾਤਾਵਰਨ ਦੀ ਸੰਭਾਲ ਲਈ ਸੰਤ ਸੀਚੇਵਾਲ ਦੀ ਦੇਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਜਗਮੋਹਨ ਸਿੰਘ ਘੁੰਮਣ, ਡੀ. ਐਸ. ਪੀ ਦਸੂਹਾ ਹਰਕ੍ਰਿਸ਼ਨ ਸਿੰਘ, ਤਹਿਸੀਲਦਾਰ ਮਨਬੀਰ ਸਿੰਘ ਢਿੱਲੋਂ, ਬੀ. ਡੀ. ਪੀ. ਓ ਧਨਵੰਤ ਸਿੰਘ ਰੰਧਾਵਾ ਅਤੇ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਹਾਜ਼ਰ ਸਨ।