ਘਰ-ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਪਹੁੰਚਾਉਣ ’ਚ ਨਹੀਂ ਛੱਡੀ ਜਾ ਰਹੀ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ

  • ਕੈਬਨਿਟ ਮੰਤਰੀ ਨੇ ਪਿੰਡ ਬਿਲਾਸਪੁਰ ’ਚ 88.73 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਵਾਟਰ ਸਪਲਾਈ ਸਕੀਮ  ਦਾ ਰੱਖਿਆ ਨੀਂਹ ਪੱਥਰ

ਹੁਸ਼ਿਆਰਪੁਰ, 12 ਮਾਰਚ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰ ਘਰ ਤੱਕ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਵਿਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ, ਜਿਸ ਦੇ ਲਈ ਜਿਥੇ ਵੀ ਲੋੜ ਹੈ ਉਥੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿਭਾਗ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਹ ਪਿੰਡ ਬਿਲਾਸਪੁਰ ਵਿਚ 88.73 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਨਵੀਂ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਣ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਨਵੀਂ ਵਾਟਰ ਸਪਲਾਈ ਸਕੀਮ ਤਹਿਤ 90 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਸਿਸਟਮ ਵੀ ਲੱਗੇਗਾ, ਤਾਂ ਜੋ ਬਿਜਲੀ ਜਾਣ ’ਤੇ ਲੋਕਾਂ ਨੂੰ ਨਿਰਵਿਘਨ ਪੀਣ ਦੇ ਪਾਣੀ ਦੀ ਸਪਲਾਈ ਹੁੰਦੀ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਤੱਕ ਸਾਫ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਦੇ ਲਈ ਵਿਭਾਗ ਵੱਲੋਂ ਇਥੇ 600 ਫੁੱਟ ਡੂੰਘਾ ਬੋਰ ਕੀਤਾ ਗਿਆ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸਿਰਫ ਦੋ ਸਾਲ ਦੇ ਸਮੇਂ ਵਿਚ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ 43 ਹਜ਼ਾਰ ਨੌਜਵਾਨਾਂ ਨੂੰ ਪੱਕੀਆਂ ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਗਈਆਂ ਹਨ। ਸੂਬੇ ਵਿਚ 829 ਆਮ ਆਦਮੀ ਕਲੀਨਿਕ ਲੋਕਾਂ ਦੇ ਘਰਾਂ ਦੇ ਨੇੜ੍ਹੇ ਖੋਲ੍ਹੇ ਗਏ ਹਨ, ਜਿਥੇ ਮਾਹਿਰ ਡਾਕਟਰਾਂ ਵੱਲੋਂ ਜਿਥੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਉਥੇ 84 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ 40 ਤਰ੍ਹਾਂ ਦੇ ਟੈਸਟ ਬਿਲਕੁੱਲ ਫਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਚ 450 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਮੈਡੀਕਲ ਕਾਲਜ ਬਣਨ ਜਾ ਰਿਹਾ ਹੈ ਅਤੇ ਸਰਕਾਰੀ ਹਸਪਤਾਲ ਵਿਚ 300 ਬੈੱਡ ਦਾ ਹਸਪਤਾਲ ਬਣੇਗਾ। ਹੁਸ਼ਿਆਰਪੁਰ ਤਹਿਸੀਲ ਵਿਚ ਲੋਕਾਂ ਤੱਕ ਬਿਹਤਰੀਨ ਸੁਵਿਧਾਵਾਂ ਪਹੁੰਚਾਉਣ ਲਈ ਸਾਢੇ 6 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਤਹਿਸੀਲ ਕੰਪਲੈਕਸ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਐਸ.ਈ ਵਿਜੇ ਕੁਮਾਰ, ਐਕਸੀਅਨ ਸਿਮਰਨਜੀਤ ਸਿੰਘ ਖਾਂਬਾ, ਸਰਪੰਚ ਸ਼ਰਨਦੀਪ ਕੌਰ, ਗੁਰਮੀਤ ਸਿੰਘ ਪਾਬਲਾ, ਚਰਣਜੀਤ ਸਿੰਘ ਪਾਬਲਾ, ਅਸ਼ੋਕ ਧੀਰੋਵਾਲ, ਅਵਤਾਰ ਸਿੰਘ ਤਾਰੀ, ਪਵਨ, ਪ੍ਰੀਤਪਾਲ, ਕੁਣਾਲ, ਰਾਜਨ ਸੈਣੀ, ਮਨੀਸ਼ ਠਾਕੁਰ, ਅੰਮ੍ਰਿਤ ਸ਼ੇਰਗਿੱਲ, ਹਰਮੇਸ਼ ਲਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।