ਨਵੀਂ ਪੀੜ੍ਹੀ ਅੰਮ੍ਰਿਤ ਕਾਲ ਨੂੰ ਆਕਾਰ ਦੇਵੇਗੀ : ਹਰਦੀਪ ਪੁਰੀ

  • ਹੁਸ਼ਿਆਰਪੁਰ ਵਿਚ 9ਵੇਂ ਰੋਜ਼ਗਾਰ ਮੇਲੇ ਵਿਚ 285 ਨੌਜਵਾਨਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ
  • ਕਿਹਾ, ਦੇਸ਼ ਦੀ ਤੇਜ਼ੀ ਨਾਲ ਤਰੱਕੀ ਵਿਚ ਮਦਦ ਕਰਦਾ ਹੈ ਮਹਿਲਾ ਸਸ਼ਕਤੀਕਰਨ

ਹੁਸ਼ਿਆਰਪੁਰ, 26 ਸਤੰਬਰ : ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਥਾਨਕ ਡੀ.ਏ.ਵੀ ਕਾਲਜ ਕੈਂਪਸ ਵਿਖੇ 9ਵੇਂ  ਰੋਜ਼ਗਾਰ ਮੇਲੇ ਤਹਿਤ ਕਰਵਾਏ ਗਏ ਪ੍ਰੋਗਰਾਮ ਦੌਰਾਨ ਭਾਰਤ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ ਨਿਯੁਕਤੀਆਂ ਹਾਸਲ ਕਰਨ ਵਾਲਿਆਂ ਨੂੰ ਸੰਬੋਧਨ ਕੀਤਾ। ਸ਼੍ਰੀ ਪੁਰੀ ਨੇ ਕਿਹਾ ਕਿ ਨਵੀਂਆਂ ਨਿਯੁਕਤੀਆਂ ਹਾਸਲ ਕਰਨ ਵਾਲੀ ਨੌਜਵਾਨ ਪੀੜ੍ਹੀ 2047 ਦੇ ਨਵੇਂ ਭਾਰਤ ਨੂੰ ਆਕਾਰ ਦੇਵੇਗੀ। ਇਸ ਦੌਰਾਨ ਕੁੱਲ 285 ਨਵੇਂ ਚੁਣੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਡਾਕ ਵਿਭਾਗ ਵਿਚ ਨਿਯੁਕਤ ਕੀਤੇ ਗਏ ਹਨ। 25 ਨਵੀਆਂ ਨਿਯੁਕਤੀਆਂ ਹਾਸਲ ਕਰਨ ਵਾਲਿਆਂ ਨੂੰ ਮੰਤਰੀ ਨੇ ਖੁਦ ਨਿਯੁਕਤੀ ਪੱਤਰ ਸੌਂਪੇ ਅਤੇ ਉਥੇ ਮੌਜੂਦ ਹੋਰ ਪਤਵੰਤਿਆਂ ਵੱਲੋਂ  ਬਾਕੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਪ੍ਰਧਾਨ ਮੰਤਰੀ ਵੱਲੋਂ 51,000 ਨਵੀਂਆਂ ਨਿਯੁਕਤੀਆਂ ਸੰਬੰਧਤ ਪੱਤਰ ਸੌਂਪਣ ਨਾਲ ਸਬੰਧਤ ਵਰਚੁਅਲ ਪ੍ਰੋਗਰਾਮ ਦਾ ਲਾਈਵ ਟੈਲੀਕਾਸਟ ਵੀ ਸਮਾਗਮ ਸਥਾਨ 'ਤੇ  ਇਸ ਦੌਰਾਨ ਦਿਖਾਇਆ ਗਿਆ। ਇਸ ਮੇਲੇ ਦਾ ਆਯੋਜਨ ਭਾਰਤੀ ਡਾਕ ਵਿਭਾਗ ਦੇ ਪੰਜਾਬ ਸਰਕਲ ਵੱਲੋਂ ਕੀਤਾ ਗਿਆ।ਸ੍ਰੀਮਤੀ ਮਨੀਸ਼ਾ ਬਾਂਸਲ, ਪੋਸਟ ਮਾਸਟਰ ਜਨਰਲ, ਚੰਡੀਗੜ੍ਹ ਸਰਕਲ, ਚਰਨਜੀਤ ਸਿੰਘ ਸੀਨੀਅਰ ਪੋਸਟਲ ਸੁਪਰਡੈਂਟ, ਹੁਸ਼ਿਆਰਪੁਰ ਅਤੇ ਸ੍ਰੀ ਕੈਲਾਸ਼ ਸ਼ਰਮਾ ਸਹਾਇਕ ਡਾਇਰੈਕਟਰ, ਡਾਕ ਵਿਭਾਗ, ਚੰਡੀਗੜ੍ਹ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਸ੍ਰੀ ਪੁਰੀ ਨੇ ਨਵੇਂ ਨਿਯੁਕਤੀਆਂ ਹਾਸਲ ਕਰਨ ਵਾਲ਼ੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਦੇਸ਼ ਇਸ ਸਮੇਂ ਅੰਮ੍ਰਿਤ ਕਾਲ ਦੇ ਦੌਰ ਵਿਚ ਵਿਕਾਸ ਦੇ ਰਾਹ 'ਤੇ ਚਲਦੇ ਹੋਏ  ਸਾਲ ਵਿਚ 2023 ਪੁੱਜ ਗਿਆ ਹੈ ਅਤੇ ਇਸੇ ਰਾਹ 'ਤੇ ਚੱਲਦਿਆਂ 2047 ਤੱਕ ਵਿਕਸਿਤ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਗਲੇ 20 ਸਾਲਾਂ ਵਿਚ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ ਅਤੇ ਇਹ ਨਵੀਆਂ ਨਿਯੁਕਤੀਆਂ ਦੇਸ਼ ਦੇ ਵਿਕਾਸ ਵਿਚ ਆਪਣਾ ਬਣਦਾ ਯੋਗਦਾਨ ਪਾ ਕੇ ਇਸ ਕਾਰਜ ਨੂੰ ਸੰਭਵ ਬਣਾਉਣ ਵਿਚ ਸਹਾਈ ਹੋਣਗੀਆਂ। ਮਹਿਲਾ ਸਸ਼ਕਤੀਕਰਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਨੂੰ ਤੇਜ਼ੀ ਨਾਲ ਤਰੱਕੀ ਕਰਨ 'ਚ ਮਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਵਿਚ ਜਿੱਥੇ ਔਰਤਾਂ ਦਾ ਰਾਖਵਾਂਕਰਨ ਹੁੰਦਾ ਹੈ, ਉੱਥੋਂ ਦੀਆਂ ਔਰਤਾਂ ਦੇ ਯਤਨਾਂ ਸਦਕਾ ਉਸ ਦੇਸ਼ ਦੀ ਜੀ.ਡੀ.ਪੀ ਕਈ ਗੁਣਾ ਵੱਧ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਵਿਚੋਂ ਸਵੱਛ ਭਾਰਤ ਅਭਿਆਨ ਸਭ ਤੋਂ ਮਹੱਤਵਪੂਰਨ ਯੋਜਨਾ ਹੈ, ਜੋ ਨਾ ਸਿਰਫ਼ ਸਾਫ਼-ਸਫ਼ਾਈ ਸਗੋਂ ਬਿਹਤਰ ਸਿਹਤ ਸਥਿਤੀਆਂ ਲਈ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਅਭਿਆਨ ਯੋਜਨਾ ਇਕ ਲੋਕ ਲਹਿਰ ਬਣ ਗਈ ਹੈ ਅਤੇ ਇਹ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਯੋਜਨਾ ਬਣ ਗਈ ਹੈ। ਉਨ੍ਹਾਂ ਨੇ ਉਜਵਲਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਐਸ.ਬੀ.ਐਮ ਅਧੀਨ ਪਖਾਨੇ ਬਣਾਉਣ ਆਦਿ ਸਮੇਤ ਆਮ ਲੋਕਾਂ ਦੇ ਵਿਕਾਸ ਲਈ ਕੇਂਦਰ ਸਰਕਾਰ ਦੇ ਕਈ ਹੋਰ ਪ੍ਰੋਗਰਾਮਾਂ ਅਤੇ ਪ੍ਰਾਪਤੀਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਔਰਤਾਂ 'ਤੇ ਕੇਂਦਰਿਤ ਯੋਜਨਾਵਾਂ ਹਨ ਜੋ ਕਿ ਔਰਤਾਂ ਦੀ ਤਰੱਕੀ ਵਿਚ ਮਦਦ ਕਰਨ ਦੇ ਨਾਲ-ਨਾਲ ਇਕ ਬਿਹਤਰ ਅਤੇ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਦਾ ਇਕ ਮਹੱਤਵਪੂਰਨ ਪਹਿਲੂ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਸਰਕਾਰ ਨੇ ਉੱਦਮਤਾ, ਖੇਡਾਂ, ਸਿੱਖਿਆ ਆਦਿ ਵਿਚ 90,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ ਅਤੇ ਇਸ ਦਾ ਲਾਭ ਸਾਡੀ ਨੌਜਵਾਨ ਪੀੜ੍ਹੀ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਨੌਜਵਾਨ ਪੀੜ੍ਹੀ ਇਸ ਦਾ ਨਾ ਸਿਰਫ਼ ਲਾਭ ਉਠਾਏਗੀ ਸਗੋਂ ਆਪਣੇ ਪੱਧਰ ’ਤੇ ਦੇਸ਼ ਦੇ ਵਿਕਾਸ ਵਿਚ ਸਹਿਯੋਗ ਦੇਣ ਵਿਚ ਵੀ ਸਹਾਈ ਹੋਵੇਗੀ। ਇਸ ਮੌਕੇ ਹਾਜ਼ਰ ਹੋਰ ਸ਼ਖ਼ਸੀਅਤਾਂ ਵਿਚ  ਸ੍ਰੀ ਅਵਿਨਾਸ਼ ਰਾਏ ਖੰਨਾ (ਇੰਚਾਰਜ-ਹਿਮਾਚਲ ਪ੍ਰਦੇਸ਼ ਤੇ ਸਾਬਕਾ ਸੰਸਦ ਮੈਂਬਰ), ਸ੍ਰੀ ਵਿਜੇ ਸਾਂਪਲਾ (ਸਾਬਕਾ ਚੇਅਰਮੈਨ ਨੈਸ਼ਨਲ ਐਸ.ਸੀ. ਕਮਿਸ਼ਨ), ਸ੍ਰੀ ਤੀਕਸ਼ਣ ਸੂਦ (ਸਾਬਕਾ ਮੰਤਰੀ), ਬੀਬੀ ਮਹਿੰਦਰ ਕੌਰ ਜੋਸ਼ (ਸਾਬਕਾ ਮੰਤਰੀ ਪੰਜਾਬ), ਸ਼੍ਰੀਮਤੀ ਮੀਨੂੰ ਸੇਠੀ, (ਸੂਬਾ ਸਕੱਤਰ ਭਾਜਪਾ), ਸ਼੍ਰੀ ਜੰਗੀ ਲਾਲ ਮਹਾਜਨ ਵਿਧਾਇਕ ਮੁਕੇਰੀਆਂ,ਡਾ: ਦਿਲਬਾਗ ਰਾਏ, (ਵਿਧਾਨ ਸਭਾ ਇੰਚਾਰਜ ਚੱਬੇਵਾਲ), ਸ਼੍ਰੀ ਨਿਪੁਨ ਸ਼ਰਮਾ (ਜ਼ਿਲ੍ਹਾ ਪ੍ਰਧਾਨ-ਭਾਜਪਾ), ਸ਼੍ਰੀ ਬਿੰਦੂਸਾਰ ਸ਼ੁਕਲਾ (ਜ਼ਿਲ੍ਹਾ ਜਨਰਲ ਸਕੱਤਰ), ਸ਼੍ਰੀ ਜਤਿੰਦਰ ਸੈਣੀ(ਜ਼ਿਲ੍ਹਾ ਜਨਰਲ ਸਕੱਤਰ), ਸ੍ਰੀ ਜਸਵੀਰ ਸਿੰਘ (ਜ਼ਿਲ੍ਹਾ ਜਨਰਲ ਸਕੱਤਰ), ਸ੍ਰੀ ਸੁਰੇਸ਼ ਭਾਟੀਆ (ਜ਼ਿਲ੍ਹਾ ਜਨਰਲ ਸਕੱਤਰ), ਸ੍ਰੀ ਸ਼ਿਵ ਸੂਦ (ਸਾਬਕਾ ਮੇਅਰ), ਸ੍ਰੀ ਵਿਜੇ ਪਠਾਨੀਆ (ਸਾਬਕਾ ਜ਼ਿਲ੍ਹਾ ਭਾਜਪਾ ਪ੍ਰਧਾਨ), ਸ੍ਰੀ ਅਸ਼ਵਨੀ ਗੈਂਦ, ਸ੍ਰੀਮਤੀ ਕੁਲਵੰਤ ਕੌਰ, ਸ੍ਰੀਮਤੀ ਅਰਚਨਾ ਜੈਨ, ਸ੍ਰੀ ਉਮੇਸ਼ ਜੈਨ, ਸ੍ਰੀ ਯਸ਼ਪਾਲ ਸ਼ਰਮਾ ਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।