ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਨੈਤਿਕਤਾ ਦੇ ਮਾਰਗ 'ਤੇ ਚੱਲਣ ਦੀ ਲੋੜ : ਮੰਤਰੀ ਈ.ਟੀ.ਓ.

ਜਲੰਧਰ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ‘ਚ ਸ਼ਾਮਲ ਹੁੰਦਿਆਂ ਅੱਜ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਆਦਰਸ਼ ਸਮਾਜ ਦੀ ਸਿਰਜਣਾ ਲਈ ਸਾਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਰਸਾਏ ਨੈਤਿਕਤਾ ਦੇ ਮਾਰਗ ’ਤੇ ਚੱਲਣ ਦੀ ਲੋੜ ਹੈ। ਭਗਵਾਨ ਵਾਲਮੀਕਿ ਉਤਸਵ ਕਮੇਟੀ, ਪੰਜਾਬ ਵੱਲੋਂ ਸਥਾਨਕ ਅਲੀ ਮੁਹੱਲਾ ਤੋਂ ਸ਼ੋਭਾ ਯਾਤਰਾ ਨੂੰ ਰਵਾਨਾ ਕਰਨ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਸਦੀਆਂ ਪਹਿਲਾਂ ਰਚਿਤ ਪਵਿੱਤਰ ਰਮਾਇਣ ਵਿੱਚ ਆਦਰਸ਼ ਜੀਵਨ ਬਤੀਤ ਕਰਨ ਦੀ ਦਿੱਤੀ ਗਈ ਸਿੱਖਿਆ ਅਜੋਕੇ ਸਮੇਂ ਵਿੱਚ ਵੀ ਸਾਰਥਕ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਪਵਿੱਤਰ ਰਮਾਇਣ ਮਨੁੱਖੀ ਕਦਰਾਂ ਕੀਮਤਾਂ ਦੀ ਇਕ ਸਾਕਾਰ ਰਚਨਾ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਵਿਚ ਬਰਾਬਰਤਾ, ਆਦਰਸ਼ ਵਿਅਕਤੀ, ਆਦਰਸ਼ ਰਾਜਾ ਬਣਨ ਦਾ ਉਪਦੇਸ਼ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਅਸੀਂ ਬਰਾਬਰੀ ਵਾਲੇ ਸਮਾਜ ਦੇ ਨਿਰਮਾਣ ਵਿੱਚ ਉਸਾਰੂ ਯੋਗਦਾਨ ਪਾ ਸਕਦੇ ਹਾਂ। ਇਸ ਪਵਿੱਤਰ ਮੌਕੇ ਲੋਕ ਨਿਰਮਾਣ ਮੰਤਰੀ ਨੇ ਸਾਰੇ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਸਾਰੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਦਾ ਪ੍ਰਣ ਕਰਨਾ ਚਾਹੀਦਾ ਹੈ, ਜੋ ਕਿ ਭਗਵਾਨ ਵਾਲਮੀਕਿ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਉਨ੍ਹਾਂ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਭਵਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕਰਨ ਤੋਂ ਇਲਾਵਾ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਮੰਤਰੀ ਵੱਲੋਂ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ, ਪ੍ਰਾਚੀਨ ਭਗਵਾਨ ਵਾਲਮੀਕਿ ਮੰਦਿਰ ਅਲੀ ਮੁਹੱਲਾ ਵਿਖੇ ਨਤਮਸਤਕ ਹੋਣ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਈਆਂ ਸਟੇਜਾਂ ਤੋਂ ਵੀ ਸੰਬੋਧਨ ਕੀਤਾ ਗਿਆ। ਇਸ ਤੋਂ ਪਹਿਲਾਂ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ, ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੂਰਾਲ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਨੇ ਸੰਬੋਧਨ ਕਰਦਿਆਂ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਦੀ ਹੋਰ ਮਜ਼ਬੂਤੀ ਲਈ ਨੌਜਵਾਨਾਂ ਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਦੈਨਿਕ ਸਵੇਰਾ ਗਰੁੱਪ ਦੇ ਮੁੱਖ ਸੰਪਾਦਕ ਸ਼ੀਤਲ ਵਿੱਜ, ਦੈਨਿਕ ਜਾਗਰਣ ਦੇ ਰੈਜ਼ੀਡੈਂਟ ਅਡੀਟਰ ਅਮਿਤ ਸ਼ਰਮਾ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਭਗਵਾਨ ਵਾਲਮੀਕਿ ਉਤਸਵ ਕਮੇਟੀ, ਪੰਜਾਬ ਦੇ ਪ੍ਰਧਾਨ ਵਿਪਨ ਸੱਭਰਵਾਲ, ਧਾਰਮਿਕ ਸ਼ਖਸੀਅਤਾਂ ਅਤੇ ਸੰਗਤਾਂ ਵੀ ਮੌਜੂਦ ਸਨ।