ਨਵਾਂਸ਼ਹਿਰ ‘ਚ ਇੱਕੋ ਪਰਿਵਾਰ ਦੇ ਤਿੰਨ ਲੋਕਾਂ ਨੇ ਜ਼ਹਿਰ ਖਾ ਕੇ ਜੀਵਨ ਲੀਲਾ ਕੀਤੀ ਸਮਾਪਤ

ਨਵਾਂਸ਼ਹਿਰ, 25 ਜੁਲਾਈ 2024 : ਪਿੰਡ ਮੱਲਪੁਰ ਅੜਕਾਂ ‘ਚ ਇੱਕੋ ਪਰਿਵਾਰ ਦੇ 3 ਜੀਆਂ ਨੇ ਜ਼ਹਿਰ ਨਿਗਲ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਾਂ ਮਾਂ-ਧੀ ਨੇ ਜ਼ਹਿਰ ਖਾਧੀ ਅਤੇ ਬਾਅਦ ‘ਚ ਪਿਓ ਨੇ ਵੀ ਜ਼ਹਿਰ ਖਾ ਕੇ ਮੌਤ ਨੂੰ ਗਲ਼ੇ ਲਗਾ ਲਿਆ। ਘਰੇਲੂ ਕਲੇਸ਼ ਨੂੰ ਆਤਮ ਹੱਤਿਆ ਦਾ ਕਾਰਨ ਮੰਨਿਆ ਜਾ ਰਿਹਾ ਹੈ। ਜਾਂਚ ਅਧਿਕਾਰੀ ਏਐਸਆਈ ਮਹਿੰਦਰ ਪਾਲ ਨੇ ਦੱਸਿਆ ਕਿ ਸੋਨੀਆ (38) ਅਤੇ ਉਸ ਦੀ ਧੀ ਮਨਪ੍ਰੀਤ ਕੌਰ (15) ਵਾਸੀ ਪਿੰਡ ਮੱਲਾਪੁਰ ਅੜਕਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ। ਪਿੰਡ ਵਾਸੀਆਂ ਨੇ ਜਲਦਬਾਜ਼ੀ ਵਿੱਚ ਪੀੜਤਾਂ ਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਦੋਵਾਂ ਦੀ ਕੁਝ ਸਮੇਂ ਬਾਅਦ ਇੱਥੇ ਮੌਤ ਹੋ ਗਈ। ਦੋਵਾਂ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ਨੂੰ ਸੂਚਨਾ ਮਿਲੀ ਕਿ ਸੋਨੀਆ ਦੇ ਪਤੀ ਅਵਤਾਰ ਸਿੰਘ ਨੇ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਉਸ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਅਵਤਾਰ ਸਿੰਘ ਦੀ ਵੀ ਮੌਤ ਹੋ ਗਈ। ਅਵਤਾਰ ਸਿੰਘ ਅਤੇ ਸੋਨੀਆ ਦੀ 12 ਸਾਲਾ ਛੋਟੀ ਬੇਟੀ ਸਕੂਲ ਗਈ ਹੋਈ ਸੀ। ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਮੁੱਖ ਡਾਕਟਰ ਨੇ ਦੱਸਿਆ ਕਿ ਸੋਨੀਆ ਅਤੇ ਉਸ ਦੀ ਬੇਟੀ ਨੂੰ ਸਵੇਰੇ ਕਰੀਬ ਸਾਢੇ 8 ਵਜੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਸਲਫਾਸ ਦੀ ਦਵਾਈ ਨਿਗਲ ਲਈ ਸੀ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਉਨ੍ਹਾਂ ਦੱਸਿਆ ਕਿ ਬੱਚੀ ਦੀ ਬੁੱਧਵਾਰ ਸਵੇਰੇ 10 ਵਜੇ ਅਤੇ ਸੋਨੀਆ ਦੀ 12 ਵਜੇ ਮੌਤ ਹੋ ਗਈ। ਇਸ ਦੌਰਾਨ ਸੋਨੀਆ ਦੇ ਪਤੀ ਅਵਤਾਰ ਸਿੰਘ ਦੀ ਵੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਵੀ ਇਲਾਜ ਦੌਰਾਨ ਕਰੀਬ 1.30 ਵਜੇ ਮੌਤ ਹੋ ਗਈ। ਥਾਣਾ ਸਦਰ ਨਵਾਂਸ਼ਹਿਰ ਏਐਸਆਈ ਮਹਿੰਦਰਪਾਲ ਪਾਲ ਨੇ ਦੱਸਿਆ ਕਿ ਤਿੰਨਾਂ ਨੇ ਘਰੇਲੂ ਝਗੜੇ ਕਾਰਨ ਖ਼ੁਦਕੁਸ਼ੀ ਕੀਤੀ ਹੈ। ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ਏਐਸਆਈ ਮਹਿੰਦਰ ਪਾਲ ਨੇ ਦੱਸਿਆ ਕਿ ਸੋਨੀਆ ਅਤੇ ਉਸ ਦੀ ਲੜਕੀ ਦੀਆਂ ਲਾਸ਼ਾਂ ਪੰਡੋਰਾ ਮੁਹੱਲੇ ਦੇ ਸ਼ਮਸ਼ਾਨਘਾਟ ਵਿੱਚ ਰੱਖੀਆਂ ਗਈਆਂ ਹਨ, ਜਦੋਂਕਿ ਅਵਤਾਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਦੇ ਰਿਸ਼ਤੇਦਾਰ ਵਿਦੇਸ਼ ਗਏ ਹੋਏ ਹਨ ਅਤੇ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਉਨ੍ਹਾਂ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਹੀ ਕੀਤਾ ਜਾਵੇਗਾ।