ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਵਾਪਸ ਪਰਤ ਰਹੇ ਟੈਂਪੂ ਟਰੈਵਲਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋ ਮੌਤਾਂ

ਹੁਸ਼ਿਆਰਪੁਰ, 05 ਅਕਤੂਬਰ 2024: ਹੁਸ਼ਿਆਰਪੁਰ ਦੇ ਪਿੰਡ ਬਾਗਪੁਰ ਨੇੜੇ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਇੱਕ ਟੈਂਪੂ ਟਰੈਵਲਰ ਨਾਲ ਦਰਦਨਾਕ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਨਾਲ ਭਰਿਆ ਇਹ ਲੱਕੜਾਂ ਨਾਲ ਭਰੇ ਟਰੈਕਟਰ ਟਰਾਲੀ ਨਾਲ ਟਕਰਾਅ ਗਿਆ ਅਤੇ ਹਾਦਸੇ ਤੋਂ ਬਾਅਦ ਟੈਂਪੂ ਟਰੈਵਲਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਜਦੋਂ ਇਹ ਹਾਦਸਾ ਵਾਪਰਿਆ ਤਾਂ ਟੈਂਪੂ ਟਰੈਵਲਰ ‘ਚ ਕਰੀਬ 12 ਜਣੇ ਸਵਾਰ ਸਨ। ਜੰਮੂ ਹੁਸ਼ਿਆਰਪੁਰ ਹਾਈਵੇਅ ‘ਤੇ ਵਾਪਰੇ ਇਸ ਹਾਦਸੇ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਤੁਰੰਤ ਜਾਂਚ ਲਈ ਮੌਕੇ ‘ਤੇ ਪਹੁੰਚ ਗਈ। ਜ਼ਖਮੀਆਂ ਦਾ ਇਲਾਜ ਹੁਸ਼ਿਆਰਪੁਰ ਵਿਖੇ ਚੱਲ ਰਿਹਾ ਹੈ। ਸੂਚਨਾ ਮਿਲਦੇ ਹੀ ਥਾਣਾ ਹਰਿਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਹਾਦਸੇ ‘ਚ ਹੁਣ ਤੱਕ ਦੋ ਵਿਅਕਤੀਆਂ ਦੀ ਮੌਤ ਹੋ ​​ਚੁੱਕੀ ਹੈ। ਇਸਦੇ ਨਾਲ ਹੀ ਬਾਕੀ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਨੁਕਸਾਨੇ ਗਏ ਦੋਵੇਂ ਵਾਹਨ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਏ ਹਨ।