ਪ੍ਰਭੂ ਯੀਸੂ ਮਸੀਹ ਦਾ ਸ਼ਾਂਤੀ, ਪਿਆਰ ਤੇ ਦਿਆ ਦਾ ਸੰਦੇਸ਼ ਦੁਨੀਆਂ ਨੂੰ ਦਿਖਾਉਂਦਾ ਹੈ ਏਕਤਾ ਦੀ ਰਾਹ : ਜਿੰਪਾ

  • ਕੈਬਨਿਟ ਮੰਤਰੀ ਨੇ ਕ੍ਰਿਸਮਸ ਮੌਕੇ ਮਸੀਹੀ ਭਾਈਚਾਰੇ ਵਲੋਂ ਕੱਢੀ ਗਈ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ

ਹੁਸ਼ਿਆਰਪੁਰ, 18 ਦਸੰਬਰ : ਕ੍ਰਿਸਮਸ ਮੌਕੇ ਅੱਜ ਹੁਸ਼ਿਆਰਪੁਰ ਵਿਖੇ ਮਸੀਹੀ ਭਾਈਚਾਰੇ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਸਥਾਨਕ ਸੈਸ਼ਨ ਚੌਕ ਵਿਖੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਸ਼ੋਭਾ ਯਾਤਰਾ ਦਾ ਸਵਾਗਤ ਕਰਦੇ ਹੋਏ ਕੇਕ ਕੱਟਿਆ ਅਤੇ ਸ਼ੋਭਾ ਯਾਤਰਾ ਵਿਚ ਸ਼ਾਮਲ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਸਦਭਾਵਨਾ, ਪ੍ਰੇਮ ਅਤੇ ਆਸ਼ਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਕ੍ਰਿਸਮਸ ਦਾ ਇਹ ਵੱਡਾ ਦਿਨ ਪ੍ਰਭੂ ਯੀਸੂ ਮਸੀਹ ਦੇ ਜਨਮ ਦੀ ਖੁਸ਼ੀ ਵਿਚ ਮਨਾਇਆ ਜਾਣ ਵਾਲਾ ਤਿਉਹਾਰ ਹੈ। ਪ੍ਰਭੂ ਯੀਸੂ ਮਸੀਹ ਦਾ ਸ਼ਾਂਤੀ, ਪਿਆਰ ਅਤੇ ਦਿਆ ਦਾ ਸੰਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਏਕਤਾ ਦੀ ਰਾਹ ਦਿਖਾਉਂਦਾ ਹੈ। ਉਨ੍ਹਾਂ ਪ੍ਰਭੂ ਯੀਸੂ ਮਸੀਹ ਦੇ ਆਦਰਸ਼ ’ਤੇ ਚੱਲਣ ਦੀ ਪ੍ਰੇਰਣਾ ਵੀ ਦਿੱਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਭੂ ਯੀਸੂ ਮਸੀਹ ਦਾ ਜਨਮ ਮਾਨਵ ਜਾਤੀ ਦੇ ਕਲਿਆਣ ਲਈ ਹੋਇਆ ਸੀ ਅਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਸ਼ੋਭਾ ਯਾਤਰਾ ਰਾਹੀਂ ਮਸੀਹੀ ਭਾਈਚਾਰਾ ਪ੍ਰੇਮ, ਪਿਆਰ, ਦਿਆ ਅਤੇ ਵਿਸ਼ਵਾਸ ਦਾ ਸੰਦੇਸ਼ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਯੀਸੂ ਮਸੀਹ ਦੇ ਜਨਮ ਨਾਲ ਆਪਣੇ ਜੀਵਨ ਵਿਚ ਸਿਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਯੀਸੂ ਮਸੀਹ ਨੇ ਹਮੇਸ਼ਾ ਦੂਜਿਆਂ ਦੀ ਭਲਾਈ ਲਈ ਕੰਮ ਕੀਤਾ ਅਤੇ ਇਸ ਲਈ ਸਾਨੂੰ ਵੀ ਆਪਣੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰ ਪਤਵੰਤੇ ਵੀ ਮੌਜੂਦ ਸਨ।