ਆਦਮਪੁਰ ਸੜਕ ਦੀ ਰਿਪੇਅਰ ਦੇ ਕੰਮ ਦਾ ਨੀਂਹ ਪੱਥਰ ਰੱਖਕੇ ਲੋਕਾਂ ਦੇ ਅੱਖੀਂ ਘੱਟਾ ਨਾ ਪਾਉ ਮੁੱਖ ਮੰਤਰੀ : ਵਿਧਾਇਕ ਕੋਟਲੀ

ਜਲੰਧਰ, 17 ਮਈ : ਆਦਮਪੁਰ ਵਿੱਚ ਬਣਨ ਵਾਲੇ ਪੁੱਲ ਅਤੇ ਸੜਕ ਦੇ ਮਸਲੇ ਨੂੰ ਸੜਕ ਤੋਂ ਵਿਧਾਨ ਸਭਾ ਵਿੱਚ ਜ਼ੋਰਦਾਰ ਢੰਗ ਨਾਲ ਉਠਾਉਣ ਵਾਲੇ ਆਦਮਪੁਰ ਤੋਂ ਕਾਂਗਰਸ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਅੱਜ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਵਲੋਂ ਆਦਮਪੁਰ ਸੜਕ ਦੀ ਮੁਰੰਮਤ ਦੇ ਕੰਮ ਦਾ ਨੀਂਹ ਪੱਥਰ ਰੱਖਕੇ ਲੋਕਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ, ਮੁੱਖ ਮੰਤਰੀ ਸਾਹਿਬ ਦੱਸਣ ਕਿ ਆਦਮਪੁਰ ਪੁੱਲ ਦਾ ਕੰਮ ਕਦੋਂ ਸ਼ੁਰੂ ਹੋਵੇਗਾ ਤੇ ਕਦੋਂ ਤੱਕ ਮੁਕੰਮਲ ਹੋਵੇਗਾ, ਜਿਸਨੂੰ ਮੁਕੰਮਲ ਕਰਵਾਉਣ ਲਈ ਮੈਂ ਲੋਕਾਂ ਦੀ ਆਵਾਜ਼ ਵਿਧਾਨ ਸਭਾ ਦੇ ਸੈਸ਼ਨ ਵਿੱਚ ਜ਼ੋਰਦਾਰ ਢੰਗ ਨਾਲ ਉਠਾਈ ਸੀ, ਉਨ੍ਹਾਂ ਅੱਗੇ ਕਿਹਾ ਕਿ ਇਹ ਸੜਕ ਆਦਮਪੁਰ ਤੋਂ ਹੁੰਦੀ ਹੋਈ ਹੁਸ਼ਿਆਰਪੁਰ ਤੱਕ ਮੁਕੰਮਲ ਹੋਣੀ ਹੈ ਅਤੇ ਪੁੱਲ ਦਾ ਜੋ ਕੰਮ ਅਧੂਰਾ ਹੈ ਉਸ ਨੂੰ ਪੂਰਾ ਕੀਤਾ ਜਾਣਾ ਹੈ ਇਹ ਸਾਰਾ ਕੰਮ ਕੰਪਨੀ ਦੇ ਠੇਕੇਦਾਰ ਵਲੋਂ ਪੂਰਾ ਕੀਤਾ ਜਾਣਾ ਹੈ ਪਰ ਮੁੱਖ ਮੰਤਰੀ ਸਾਹਿਬ ਵਲੋਂ ਨੀਂਹ ਪੱਥਰ ਰਿਪੇਅਰ ਦਾ ਰੱਖਿਆ ਗਿਆ ਹੈ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਕਿ ਪੈਂਚ ਵਰਕ (ਰਿਪੇਅਰ) ਦੇ ਕੰਮ ਦਾ ਉਦਘਾਟਨ ਮੁੱਖ ਮੰਤਰੀ ਕਰ ਰਹੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਮੁੱਖ ਮੰਤਰੀ ਸਾਹਿਬ ਪੁੱਲ ਮੁਕੰਮਲ ਹੋਣ ਤੇ ਸ਼ੁਰੂ ਹੋਣ ਦਾ ਐਲਾਨ ਕਰਦੇ ਆਏ ਹਨ ਪਰ ਅੱਜ ਨੀਂਹ ਪੱਥਰ ਸਿਰਫ ਰਿਪੇਅਰ ਕਰਨ ਵਾਸਤੇ ਰੱਖਿਆ ਗਿਆ ਹੈ। ਵਿਧਾਇਕ ਕੋਟਲੀ ਨੇ ਕਿਹਾ ਕਿ ਮੁੱਖ ਮੰਤਰੀ ਸਪੱਸ਼ਟ ਕਰਨ ਕਿ ਪੁੱਲ ਦਾ ਕੰਮ ਕਦੋਂ ਸ਼ੁਰੂ ਹੋਵੇਗਾ।