ਭਾਸ਼ਾ ਵਿਭਾਗ ਵਲੋਂ ਸਕੂਲਾਂ-ਕਾਲਜਾਂ ਦੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 23 ਨੂੰ

ਹੁਸ਼ਿਆਰਪੁਰ, 22 ਅਗਸਤ : ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਇਤਿਹਾਸ, ਧਰਮ, ਭਾਸ਼ਾ, ਸ਼ਖ਼ਸੀਅਤਾਂ, ਸਭਿਆਚਾਰ ਅਤੇ ਭੂਗੋਲ ਵਿਸ਼ਿਆਂ ਪ੍ਰਤੀ ਚੇਤਨਤਾ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਹਿੱਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮਿਤੀ 23 ਅਗਸਤ, 2023 ਨੂੰ ਠੀਕ 9.30 ਵਜੇ ਸਵੇਰੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਕੁਇਜ਼ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਨੇ ਪਹਿਲਾਂ ਹੀ ਨਿਰਧਾਰਤ ਮਿਤੀ ਅਨੁਸਾਰ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਤਿੰਨ ਵਰਗਾਂ ਵਿੱਚ ਹੋ ਰਹੇ ਹਨ। ਪਹਿਲਾਂ ਵਰਗ ਛੇਵੀਂ ਤੋਂ ਅੱਠਵੀਂ, ਦੂਜਾ ਵਰਗ ਨੌਵੀਂ ਤੋਂ ਬਾਹਰਵੀਂ ਅਤੇ  ਤੀਜਾ ਵਰਗ ਅੰਡਰ ਗ੍ਰੇਜੂਏਟ ਵਾਲੇ ਵਿਦਿਆਰਥੀਆ ਦਾ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਵਰਗਾਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮੀ ਰਾਸ਼ੀ ਜਾਂ ਵਿਭਾਗੀ ਪ੍ਰਕਾਸ਼ਨਾਵਾਂ ਦੇ ਸੈੱਟ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਤਿੰਨਾਂ ਵਰਗਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਟੇਟ ਪੱਧਰ ’ਤੇ ਹੋਣ ਵਾਲੇ ਕੁਇਜ਼ ਮੁਕਾਬਲੇ ਵਿੱਚ ਵੀ ਹਿੱਸਾ ਲੈਣਗੇ।