ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ  ਅਤੇ ਜਾਗਰੂਕਤਾ ਕੈਂਪ ਦਾ ਆਯੋਜਨ

ਨਵਾਂਸ਼ਹਿਰ, 20 ਅਕਤੂਬਰ :  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਚੱਲ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਸਿਖਲਾਈ ਅਤੇ ਜਾਗਰੁਕਤਾ ਕੈਂਪ ਦਾ ਆਯੋਜਨ ਮਿਤੀ 18 ਅਕਤੂਬਰ 2023 ਨੂੰ ਕੇ. ਵੀ. ਕੇ. ਕੈਂਪਸ ਵਿੱਚ ਕੀਤਾ ਗਿਆ।ਇਹ ਕੈਂਪ ਖਾਸ ਤੌਰ ਤੇ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਦੇ ਲਾਭਪਾਤਰੀ ਕਿਸਾਨ ਉਤਪਾਦਕ ਸੰਗਠਨ, ਰਜਿਸਟਰਡ ਕਿਸਾਨ ਸਮੂਹ, ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਅਤੇ ਅਗਾਂਹਵਧੂ ਕਿਸਾਨਾਂ ਲਈ ਆਯੋਜਿਤ ਕੀਤਾ ਗਿਆ। ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾ. ਗੁਰਜਿੰਦਰ ਪਾਲ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਵਾਗਤੀ ਭਾਸ਼ਣ ਦੌਰਾਨ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ  ਡਾ: ਮਨਿੰਦਰ ਸਿੰਘ ਬੌਂਸ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਅਤੇ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਧੀਕ ਨਿਰਦੇਸ਼ਕ ਪਸਾਰ ਸਿਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਡਾ. ਗੁਰਜਿੰਦਰ ਪਾਲ ਸਿੰਘ ਸੋਢੀ ਨੇ ਆਪਣੇ ਸੰਬੋਧਨ ਦੌਰਾਨ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਅਤੇ ਕਿਸਾਨਾਂ ਨੂੰ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਪੀ.ਏ.ਯੂ ਲੁਧਿਆਣਾ ਵੱਲੋਂ ਸਿਫਾਰਿਸ਼ ਕੀਤੀਆਂ ਜਾ ਰਹੀਆਂ ਨਵੀਨਤਮ ਤਕਨੀਕਾਂ ਨੂੰ ਅਪਣਾਉਣ ਦੀ ਅਪੀਲ ਕੀਤੀ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਖੇਤ ਵਿੱਚ ਮਿਲਾਉਣ ਬਾਰੇ ਉਤਸ਼ਾਹਿਤ ਕਰਨਾ ਚਾਹਿਦਾ ਹੈ, ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਵੇ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਨਾ ਹੋਵੇ। ਉਨ੍ਹਾਂ ਨੇ ਖੇਤੀ ਤੋਂ ਵਾਧੂ ਆਮਦਨ ਲਈ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਬਾਬਤ ਵੀ ਜੋਰ ਦਿੱਤਾ।  ਮੁੱਖ ਖੇਤੀਬਾੜੀ ਅਫ਼ਸਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ: ਗੁਰਦੇਵ ਸਿੰਘ ਨੇ ਜ਼ਿਲ੍ਹੇ ਵਿੱਚ ਉਪਲਬੱਧ ਝੋਨੇ ਦੀ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਸੁਚੱਜੀ ਵਰਤੋਂ ਕਰਨ ਦੀ ਲੋੜ 'ਤੇ ਚਰਚਾ ਕੀਤੀ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਖਤਰੇ ਨੂੰ ਰੋਕਣ ਲਈ ਸਾਰਿਆਂ ਦੇ ਸਰਗਰਮ ਸਹਿਯੋਗ ਦੀ ਮੰਗ ਕੀਤੀ। ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਪਰਮਜੀਤ ਕੌਰ ਨੇ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਖੇ ਕਿਸਾਨਾਂ ਲਈ ਉਪਲਬਧ ਮਸ਼ੀਨਾਂ ਦੀ ਜਾਣਕਾਰੀ ਦਿੱਤੀ ਅਤੇ ਇਸ ਮੁਹਿੰਮ ਵਿੱਚ ਪੂਰਣ ਸਹਿਯੋਗ ਦਾ ਵਾਇਦਾ ਕੀਤਾ। ਪ੍ਰੋਜੈਕਟ ਡਾਇਰੈਕਟਰ (ਆਤਮਾ ਸਕੀਮ) ਡਾ. ਕਮਲਦੀਪ ਸਿੰਘ ਸੰਘਾ ਨੇ ਕਿਸਾਨ ਭਲਾਈ ਬਾਬਤ ਵਿਭਾਗੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਕੇ.ਵੀ.ਕੇ. ਸ਼ਹੀਦ ਭਗਤ ਸਿੰਘ ਨਗਰ ਦੇ ਮਾਹਿਰਾਂ ਵੱਲੋਂ ਇਸ ਮੌਕੇ ‘ਤੇ ਵੱਖ-ਵੱਖ ਤਕਨੀਕੀ ਲੈਕਚਰ ਦਿੱਤੇ ਗਏ। ਪੌਦਾ ਰੋਗ ਮਾਹਿਰ ਡਾ. ਬਲਜੀਤ ਸਿੰਘ ਨੇ ਪਰਾਲੀ ਦੇ ਪ੍ਰਬੰਧਨ ਵਾਲੇ ਖੇਤਾਂ ਵਿੱਚ ਸਰਵਪੱਖੀ ਕੀਟ ਪ੍ਰਬੰਧਨ ਬਾਰੇ ਚਰਚਾ ਕੀਤੀ। ਸਬਜੀਆਂ ਦੇ ਮਾਹਿਰ ਡਾ. ਆਰਤੀ ਵਰਮਾ ਨੇ ਘਰੇਲੂ ਪੌਸ਼ਟਿਕ ਬਗੀਚੀ ਬਾਬਤ ਅਤੇ ਖੁੰਬ ਉਤਪਾਦਨ ਵਿੱਚ ਪਰਾਲੀ ਦੀ ਵਰਤੋਂ ਬਾਰੇ ਚਰਚਾ ਕੀਤੀ। ਖੇਤੀਬਾੜੀ ਇੰਜੀਨੀਅਰ ਡਾ: ਕਿਰਨਦੀਪ ਨੇ ਕਿਸਾਨਾਂ ਨੂੰ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਕੇ.ਵੀ.ਕੇ ਵਿੱਖੇ ਉਪਲਬਧ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਗ੍ਰਹਿ ਵਿਗਿਆਨ ਦੇ ਮਾਹਿਰ ਰੇਣੂ ਬਾਲਾ ਨੇ ਸਵੈ-ਸਹਾਇਤਾ ਸਮੂਹਾਂ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਦੇ ਗਠਨ ਬਾਰੇ ਜਾਣਕਾਰੀ ਦਿੱਤੀ ਅਤੇ ਪਸ਼ੂ ਪਾਲਣ ਮਾਹਿਰ, ਡਾ. ਗੁਰਿੰਦਰ ਸਿੰਘ ਨੇ ਪਰਾਲੀ ਦੀ ਪਸ਼ੂ ਚਾਰੇ ਅਤੇ ਬਾਇਉ ਗੈਸ ਪਲਾਂਟ ਵਿੱਚ ਵਰਤੋਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਖੇਤੀਬਾੜੀ ਯੁਨਵਿਰਸਿਟੀ ਦਾ ਖੇਤੀ ਸਾਹਿਤ ਕਿਸਾਨਾਂ ਨੂੰ ਉਪਲਬੱਧ ਕਰਵਾਇਆ ਗਿਆ ਅਤੇ ਕੇ. ਵੀ. ਕੇ. ਵਿਖੇ ਪਰਾਲੀ ਪ੍ਰਬੰਧਨ ਲਈ ਮੌਜੂਦ ਮਸ਼ੀਨਰੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ।