ਕਵਿਤਾ ਦੁਬਈ ਵੀ ਲੈ ਜਾਂਦੀ ਤੇ ਨਕੋਦਰ ਵਾਲੇ ਪਿੰਡ ਸ਼ੰਕਰ ਵੀ : ਪਾਤਰ

  • ਪਿਆਰ ਦਾ ਵਹਿਣ ਅੱਗੇ ਵੱਲ ਲਿਜਾਂਦਾ, ਪਿੱਛੋਂ ਜ਼ਿੰਮੇਵਾਰੀਆਂ ਰਹਿ ਜਾਂਦੀਆਂ

ਨਕੋਦਰ, 14 ਮਈ : ਖਾਲਸਾ ਹਾਈ ਸਕੂਲ, ਸ਼ੰਕਰ, ਨਕੋਦਰ, ਪੰਜਾਬ ਦੇ ਸਾਲ 1978-1979 ਬੈਂਚ ਦੇ ਵਿਦਿਆਰਥੀਆਂ ਦੁਆਰਾ ਆਪਣੇ ਸਕੂਲ ਦੇ ਸਥਾਪਨਾ ਸਾਲ 1923 ਨੂੰ ਸਮਰਪਤ 'ਅੰਤਰਰਾਸ਼ਟਰੀ ਮਾਂ ਦਿਵਸ' ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਆਈ ਸ੍ਰੀ ਮਹਿੰਦਰ ਪਰਤਾਪ ਦੀ ਦੇਖ-ਰੇਖ ਵਿਚ ਇਹ ਪ੍ਰੋਗਰਾਮ ਡਾਕਟਰ ਬਲਵਿੰਦਰ ਸਿੰਘ, ਲਾਲ ਚੰਦ ਅਤੇ ਹਰਮੇਸ਼ ਸਿੰਘ ਦੇ ਸਹਿਯੋਗ ਨਾਲ ਸੰਪੰਨ ਹੋਇਆ। ਇਸ ਮੌਕੇ ਪਦਮ ਸ਼੍ਰੀ ਸੁਰਜੀਤ ਪਾਤਰ, ਡਾ. ਨਿਰਮਲ ਜੌੜਾ, ਡਾਇਰੈਕਟਰ, ਯੁਵਕ ਭਲਾਈ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਨਾਮਵਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਉਚੇਚੇ ਤੌਰ ਉੱਤੇ ਸਮਾਗਮ ਵਿੱਚ ਹਾਜ਼ਰੀ ਭਰਨ ਆਏ। ਉਨ੍ਹਾਂ ਦੁਆਰਾ ਇਲਾਕੇ ਦੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਮਹਿੰਦਰ ਪ੍ਰਤਾਪ ਨੇ ਕਿਹਾ ਕਿ ਪੰਜਾਬ ਦੇ ਬਹੁਗਿਣਤੀ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਹਨ ਤੇ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਪਰ ਅਜਿਹਾ ਨਹੀਂ ਹੋਣਾ ਚਾਹੀਦਾ। ਡਾਕਟਰ ਨਿਰਮਲ ਜੌੜਾ ਨੇ ਇਸ ਸਮਾਗਮ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਅਜਿਹੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ। ਡਾਕਟਰ ਸੁਖਵਿੰਦਰ ਅੰਮ੍ਰਿਤ ਨੇ ਇਸ ਮੌਕੇ ਮਾਂ ਨੂੰ ਸਮਰਪਤ ਅਤੇ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ। ਡਾਕਟਰ ਸੁਰਜੀਤ ਪਾਤਰ ਨੇ ਕਿਹਾ ਕਿ 'ਕਵਿਤਾ ਹੀ ਹੁੰਦੀ ਜੋ ਕਵੀ ਨੂੰ ਦੁਬਈ ਵੀ ਲੈ ਜਾਂਦੀ ਤੇ ਨਕੋਦਰ ਵਾਲੇ ਪਿੰਡ ਸ਼ੰਕਰ ਵੀ'....ਅਜੋਕੇ ਵੇਲਿਆਂ ਵਿਚ ਪਿਆਰ ਦਾ ਵਹਿਣ ਬੰਦੇ ਨੂੰ ਅੱਗੇ ਵੱਲ ਲਿਜਾਂਦਾ, ਪਿੱਛੇ ਜ਼ਿੰਮੇਵਾਰੀਆਂ ਰਹਿ ਜਾਂਦੀਆਂ । ਮਹਿੰਦਰ ਪਰਤਾਪ ਹੁਰਾਂ ਨੇ ਪੁਰਾਣੇ ਵਿਦਿਆਰਥੀਆਂ ਨੂੰ ਜੋੜਨ ਵਾਲਾ ਬੜਾ ਯਾਦਗਾਰੀ ਕਾਰਜ ਕੀਤਾ ਹੈ। ਸਟੇਜ ਦੀਆਂ ਸੇਵਾਵਾਂ ਡਾ. ਬਲਵਿੰਦਰ ਸਿੰਘ ਨੇ ਬਾਖੂਬੀ ਨਿਭਾਈ, ਇਸ ਮੌਕੇ ਸਿਮਰ ਕੌਰ, ਸਤਨਾਮ ਕੌਰ, ਰੋਸ਼ਨ ਲਾਲ, ਮਨਜੀਤ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ ਵਿਰਦੀ, ਗੁਰਸ਼ਰਨ ਸਿੰਘ ਸਰਬਜੀਤ ਸਿੰਘ, ਸੇਵਾਮੁਕਤ ਡੀਐਸਪੀ ਚੰਡੀਗੜ੍ਹ, ਹਰਮੇਲ ਸਿੰਘ, ਕੁਲਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ ।