ਕਰਤਾਰਪੁਰ ਵਿਖੇ 15 ਪਿੰਡਾਂ ਦੀਆਂ ਪੰਚਾਇਤਾਂ, ਪੰਚਾਂ ਅਤੇ ਸੈਂਕੜੇ ਲੋਕ 'ਆਪ' ਚ ਸ਼ਾਮਲ

  • ਹਲਕਾ ਵਿਧਾਇਕ ਬਲਕਾਰ ਸਿੰਘ ਦੀ ਅਗਵਾਈ ਹੇਠ ਸਰਪੰਚਾਂ, ਪੰਚਾਂ ਅਤੇ ਪਿੰਡ ਵਾਸੀਆਂ ਨੇ ਅਕਾਲੀ ਦਲ ਅਤੇ ਕਾਂਗਰਸ ਛੱਡ 'ਆਪ' ਦਾ ਪੱਲਾ ਫੜਿਆ
  • ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਮਿਲਿਆ ਜ਼ਬਰਦਸਤ ਹੁਲਾਰਾ
  • ਹਰਚੰਦ ਬਰਸਟ ਨੇ ਸਾਰੀਆਂ ਪੰਚਾਇਤਾਂ ਨੂੰ ਸੂਬਾ ਸਰਕਾਰ ਦੇ ਕਦਮ ਨਾਲ ਕਦਮ ਮਿਲਾ ਕੇ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਕਰਨ ਦਾ ਦਿੱਤਾ ਸੱਦਾ 

ਕਰਤਾਰਪੁਰ, 04 ਮਾਰਚ : ਆਮ ਆਦਮੀ ਪਾਰਟੀ (ਆਪ) ਨੂੰ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਕਰਤਾਰਪੁਰ ਵਿਖੇ ਇੱਕ ਰੈਲੀ ਦੌਰਾਨ 15 ਤੋਂ ਵੱਧ ਪਿੰਡਾਂ ਦੀਆਂ ਪੰਚਾਇਤਾਂ, ਮੈਂਬਰਾਂ ਅਤੇ ਸੈਂਕੜੇ ਲੋਕ  ਸਮੇਤ, ਹਲਕਾ ਵਿਧਾਇਕ ਬਲਕਾਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਜਨਰਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ 'ਆਪ' ਵਿੱਚ ਸ਼ਾਮਿਲ ਕਰਵਾਇਆ। ਉਕੱਤ ਪੰਚਾਇਤ ਮੈਂਬਰਾਂ ਨੇ ਅਕਾਲੀ ਦਲ, ਕਾਂਗਰਸ ਅਤੇ ਬਸਪਾ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਸ਼ਨੀਵਾਰ ਨੂੰ ਕਰਤਾਰਪੁਰ ਰੈਲੀ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਸ਼ਾਮਲ ਹੋਏ, ਵਿੱਚ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਸਮਰਥਨ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਦਾਣਾ ਮੰਡੀ ਲਾਂਬੜਾ ਵਿਖੇ ਵਿਧਾਇਕ ਬਲਕਾਰ ਸਿੰਘ ਦੀ ਅਗਵਾਈ ਹੇਠ ਹੋਈ ਰੈਲੀ ਵਿੱਚ 'ਆਪ' ਦੇ 1500 ਤੋਂ ਵੱਧ ਵਲੰਟੀਅਰਜ਼ ਨੇ ਹਿੱਸਾ ਲਿਆ। ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਵਿਧਾਇਕ ਬਲਕਾਰ ਸਿੰਘ ਨਾਲ ਇਸ ਰੈਲੀ ਵਿੱਚ ਰਾਜਵਿੰਦਰ ਕੌਰ ਥਿਆੜਾ, ਗੁਰਵਿੰਦਰ ਸਿੰਘ ਗਿੰਦਾ, ਬਾਹਰੀ ਸਲਮਾਨੀ ਸਮੇਤ ਬਲਾਕ ਪ੍ਰਧਾਨ, ਹਲਕਾ ਇੰਚਾਰਜ ਅਤੇ ਕੋਆਰਡੀਨੇਟਰ ਮੌਜੂਦ ਸਨ। ਪਾਰਟੀ ਨਾਲ ਨਵੇਂ ਜੁੜੇ ਮੈਂਬਰਾਂ ਵਿੱਚ ਭਗਵਾਨਪੁਰ ਪਿੰਡ ਦੇ ਸਰਪੰਚ ਵਰਿੰਦਰ ਕੁਮਾਰ, ਪਿੰਡ ਬਾਦਸ਼ਾਹਪੁਰ ਦੀ ਸਰਪੰਚ ਇੰਦਰਜੀਤ ਕੌਰ, ਲਾਂਬੜਾ ਸਰਪੰਚ ਕੁਲਵਿੰਦਰ ਕੁਮਾਰ ਆਪਣੇ ਸਮਰਥਕਾਂ ਸਮੇਤ, ਰਾਮਪੁਰ ਪਿੰਡ ਦੀ ਸਰਪੰਚ ਗੀਤਾ ਰਾਣੀ, ਪਿੰਡ ਸਿੰਘਾ ਦੇ ਸਰਪੰਚ ਬਲਰਾਜ ਸਿੰਘ, ਵਡਾਲਾ ਦੇ ਸਰਪੰਚ ਅਵਿਨਾਸ਼ ਕੁਮਾਰ, ਪਿੰਡ ਮਲਕੇ ਦੇ ਸਰਪੰਚ ਚਮਨਪ੍ਰੀਤ ਸਿੰਘ, ਲੱਲੀਆਂ ਖੁਰਦ ਤੋਂ ਸਰਪੰਚ ਜਗਜੀਤ ਸਿੰਘ ਅਤੇ ਨਿੱਝਰਾਂ ਦੇ ਸਰਪੰਚ ਹਰਨੇਕ ਸਿੰਘ ਪ੍ਰਮੁੱਖ ਸਨ। ਇਨ੍ਹਾਂ ਨਾਲ ਇਨ੍ਹਾਂ ਦੇ ਪੰਚਾਇਤ ਮੈਂਬਰ ਅਤੇ ਹੋਰ ਸੈਂਕੜੇ ਸਮਰਥਕਾਂ ਵੀ ਅਕਾਲੀ ਦਲ, ਕਾਂਗਰਸ ਅਤੇ ਬਸਪਾ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਨਾਲ ਜੁੜੇ। ਇਸ ਮੌਕੇ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨਵੇਂ ਜੁੜੇ ਮੈਂਬਰਾਂ ਨਾਲ ਅਗਾਮੀ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਅਤੇ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਲੋਕ ਲੰਮੇ ਸਮੇਂ ਤੋਂ ਕਾਂਗਰਸ ਅਤੇ ਅਕਾਲੀ ਦਲ ਦੇ ਭ੍ਰਿਸ਼ਟ ਤੰਤਰ ਤੋਂ ਪ੍ਰੇਸ਼ਾਨ ਸਨ ਅਤੇ ਆਮ ਆਦਮੀ ਪਾਰਟੀ ਦੇ ਲੋਕ ਪੱਖੀ ਅਤੇ ਇਮਾਨਦਾਰ ਕੰਮਾਂ ਨੂੰ ਦੇਖ ਕੇ ਲੋਕਾਂ ਨੂੰ ਇੱਕ ਚੰਗਾ ਰਾਜਨੀਤਕ ਬਦਲ ਮਿਲ ਗਿਆ ਹੈ। ਉਨ੍ਹਾਂ ਨਵੇਂ ਜੁੜੇ ਮੈਂਬਰਾਂ ਦਾ ਪਾਰਟੀ ਵਿੱਚ ਰਸਮੀ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਹਰਚੰਦ ਬਰਸਟ ਨੇ ਸਾਰੀਆਂ ਪੰਚਾਇਤਾਂ ਨੂੰ ਸੂਬਾ ਸਰਕਾਰ ਦੇ ਕਦਮ ਨਾਲ ਕਦਮ ਮਿਲਾ ਕੇ ਲੋਕ ਭਲਾਈ ਅਤੇ ਵਿਕਾਸ ਦੇ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣਾ ਹੈ।