ਪੁਲਿਸ ਵੱਲੋਂ ਥਾਣੇ ਵਿੱਚ ਕਥਿਤ ਤੌਰ ‘ਤੇ ਕੀਤੀ ਮਾਰਕੁੱਟ ਅਤੇ ਬੇਜ਼ਤੀ ਤੋਂ ਪਰੇਸ਼ਾਨ ਕਬੱਡੀ ਖਿਡਾਰੀ ਨੇ ਵੀਡੀਓ ਬਣਾਉਣ ਤੋਂ ਬਾਅਦ ਮੌਤ ਨੂੰ ਲਗਾਇਆ ਗਲ਼ੇ 

ਸ਼ਾਹਕੋਟ, 20 ਸਤੰਬਰ 2024 : ਸ਼ਾਹਕੋਟ ਦੇ 29 ਸਾਲਾਂ ਨੌਜਵਾਨ ਵੱਲੋਂ ਵੀਡੀਓ ਬਣਾਉਣ ਤੋਂ ਬਾਅਦ ਫਾਹਾ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕਰਨ ਦਾ ਦੁੱਖ ਭਰਿਆ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਪੁੱਤਰ ਕੇਵਲ ਕਿਸ਼ਨ ਪੁਲਿਸ ਵੱਲੋਂ ਥਾਣੇ ਵਿੱਚ ਕਥਿਤ ਤੌਰ ‘ਤੇ ਕੀਤੀ ਮਾਰਕੁੱਟ ਅਤੇ ਬੇਜ਼ਤੀ ਤੋਂ ਪਰੇਸ਼ਾਨ ਸੀ। ਉਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਬਣਾਈ ਅਤੇ ਫਿਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਗੁਰਵਿੰਦਰ ਸਿੰਘ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪਿੰਡ ਬੁੱਢਣਵਾਲ ਦੇ ਰਹਿਣ ਵਾਲੇ ਉਸਦੇ ਦੋਸਤ ਰਮਨ ਅਤੇ ਉਸਦੀ ਪਤਨੀ ਅਤੇ ਸੱਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੇ ਵਿੱਚ ਅਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਿਸ ਵੱਲੋਂ ਐਫਆਈਆਰ ਦਰਜ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਗੁਰਵਿੰਦਰ ਸਿੰਘ ਦਾ ਉਸਦੇ ਪੁਲਿਸ ਮੁਲਾਜ਼ਮ ਦੋਸਤ ਰਮਨ ਦੇ ਘਰ ਆਉਣਾ ਜਾਣਾ ਸੀ। ਬੀਤੇ ਦਿਨੀ ਉਹ ਆਪਣੇ ਦੋਸਤ ਰਮਨ ਦੇ ਘਰ ਗਿਆ ਜਿੱਥੇ ਉਸ ਦਾ ਰਮਨਦੀਪ ਪਤਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਇਸ ਨੂੰ ਲੈ ਕੇ ਰਮਨ ਅਤੇ ਉਸਦੀ ਪਤਨੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਗੁਰਵਿੰਦਰ ਨੂੰ ਪੁੱਛ ਕਿਛ ਲਈ ਪੁਲਿਸ ਥਾਣੇ ਲਿਜਾਇਆ ਗਿਆ ਸੀ। ਬੀਤੇ ਦਿਨੀ ਜਦੋਂ ਗੁਰਵਿੰਦਰ ਨੂੰ ਪੁਲਿਸ ਥਾਣੇ ਬੁਲਾਇਆ ਗਿਆ ਤਾਂ ਆਪਣੇ ਪਰਿਵਾਰ ਅਤੇ ਪਿੰਡ ਦੇ ਕੁਝ ਲੋਕਾਂ ਦੇ ਨਾਲ ਥਾਣੇ ਪਹੁੰਚਿਆ ਸੀ। ਪਰਿਵਾਰਿਕ ਮੈਂਬਰਾਂ ਮੁਤਾਬਕ ਥਾਣੇ ਤੋਂ ਵਾਪਸ ਆਉਣ ਤੇ ਗੁਰਵਿੰਦਰ ਕਾਫੀ ਪਰੇਸ਼ਾਨ ਸੀ। ਪਰਿਵਾਰ ਦਾ ਦਾਅਵਾ ਹੈ ਕਿ ਗੁਰਵਿੰਦਰ ਦਾ ਕੋਈ ਕਸੂਰ ਨਹੀਂ ਸੀ। ਪਰਿਵਾਰ ਦੇ ਸਮਝਾਉਣ ਤੋਂ ਬਾਅਦ ਗੁਰਵਿੰਦਰ ਦੇਰ ਰਾਤ ਸੌਣ ਦੇ ਲਈ ਚਲਿਆ ਗਿਆ। ਪਰ ਦੇਰ ਰਾਤ ਜਦੋਂ ਉਸ ਦੀ ਮਾਂ ਨੇ ਦਰਵਾਜ਼ਾ ਖੜਕਾਇਆ ਤਾਂ ਉਸਨੇ ਅੰਦਰੋਂ ਦਰਵਾਜ਼ਾ ਨਹੀਂ ਖੋਲਿਆ। ਜਿਸ ਤੋਂ ਬਾਅਦ ਖਿੜਕੀ ਨੂੰ ਕੱਟ ਕੇ ਜਦੋਂ ਦੇਖਿਆ ਤਾਂ ਗੁਰਵਿੰਦਰ ਦੀ ਲਾਸ਼ ਫੰਦੇ ਦੇ ਨਾਲ ਲਟਕ ਰਹੀ ਸੀ। ਪੁਲਿਸ ਦੀ ਹਾਜ਼ਰੀ ਦੇ ਵਿੱਚ ਗੁਰਵਿੰਦਰ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।