ਜਲੰਧਰ, 8 ਫ਼ਰਵਰੀ : ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਅੱਠ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਉਨ੍ਹਾਂ ਕੋਲੋਂ ਤਿੰਨ ਪਿਸਤੌਲ, 10 ਕਾਰਤੂਸ, 4 ਮੈਗਜ਼ੀਨ ਅਤੇ ਵਾਹਨ ਬਰਾਮਦ ਹੋਏ। ਧਮਕੀਆਂ, ਫਿਰੌਤੀ, ਜਬਰੀ ਵਸੂਲੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਇਹ ਮੁਲਜ਼ਮ ਸ਼ਾਮਲ ਸਨ। ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ 8 ਗੁਰਗੇ ਲਾਰੈਂਸ ਬਿਸ਼ਨੋਈ ਦੇ ਸਾਥੀ ਹਨ। ਬਦਮਾਸ਼ ਮੁਹੱਲਾ ਨਿਊ ਗੋਪਾਲ ਨਗਰ, ਨੀਲਾਮਹਿਲ, ਨਵੀਂ ਦਾਣਾ ਮੰਡੀ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਵਸਨੀਕ ਹਨ। ਜੇਸੀਪੀ ਸੰਦੀਪ ਸ਼ਰਮਾ ਨੇ ਦਸਿਆ ਕਿ ਗੈਂਗਸਟਰਾਂ ਦੀ ਪਛਾਣ ਸੰਜੇ ਬਾਵਾ, ਦੀਪਕ ਕੁਮਾਰ ਉਰਫ ਦੀਪਕ, ਰਜਿੰਦਰਾ ਰਾਜਪੁਰ ਉਰਫ ਗੱਜੂ, ਰਾਧੇ, ਅਭਿਸ਼ੇਕ ਗਿੱਲ, ਪੱਪੂ, ਮਨੋਜ ਅਤੇ ਦੀਪਕ ਕੁਮਾਰ ਵਜੋਂ ਹੋਈ ਹੈ। ਸਾਰੇ ਮੁਲਜ਼ਮ ਜਲੰਧਰ ਜ਼ਿਲ੍ਹੇ ਦੇ ਹੀ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਧੋਬੀ ਘਾਟ ਨੇੜੇ ਟੀਵੀ ਟਾਵਰ ਤੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਪਿਸਤੌਲ 30 ਬੋਰ, 5 ਕਾਰਤੂਸ, ਇਕ ਪਿਸਤੌਲ 32 ਬੋਰ, 5 ਕਾਰਤੂਸ, ਇਕ ਦੇਸੀ ਪਿਸਤੌਲ 315, 4 ਮੈਗਜ਼ੀਨ, ਇਕ ਸਪਲੈਂਡਰ ਮੋਟਰ ਸਾਈਕਲ ਅਤੇ ਦੋ ਸਕੂਟਰ (ਐਕਟਿਵਾ) ਬਰਾਮਦ ਕੀਤੇ ਹਨ। ਜੇਸੀਪੀ ਸੰਜਦੀਪ ਸ਼ਰਮਾ ਨੇ ਦਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੈਂਗਸਟਰਾਂ ਦੇ ਇੰਗਲੈਂਡ ਰਹਿੰਦੇ ਸੂਰਜ ਨਾਲ ਸਬੰਧ ਸਨ। ਇਨ੍ਹਾਂ ਵਿਚੋਂ ਮਨੋਜ ਗੈਂਗਸਟਰਾਂ ਦਾ ਮੁੱਖ ਸਰਗਨਾ ਹੈ। ਬਦਮਾਸ਼ ਲੋਕਾਂ ਤੋਂ ਪੈਸੇ ਵਸੂਲਣ ਲਈ ਧਮਕੀ ਭਰੀਆਂ ਕਾਲਾਂ ਅਤੇ ਚਿੱਠੀਆਂ ਦੀ ਵਰਤੋਂ ਵੀ ਕਰਦੇ ਹਨ। ਬਦਮਾਸ਼ਾਂ ਨੇ ਅੰਤਰਰਾਸ਼ਟਰੀ ਨੰਬਰਾਂ 'ਤੇ ਵੀ ਕਾਲ ਕੀਤੀ ਹੈ, ਜਿਨ੍ਹਾਂ ਦਾ ਰਿਕਾਰਡ ਕੱਢਿਆ ਜਾ ਰਿਹਾ ਹੈ। ਥਾਣਾ 4 ਦੀ ਪੁਲਿਸ ਨੇ ਕਰਮਾ ਫੈਸ਼ਨ ਦੇ ਮਾਲਕ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਸੀ। ਉਦੋਂ ਤੋਂ ਹੀ ਮੁਲਜ਼ਮਾਂ ਦੀ ਭਾਲ ਜਾਰੀ ਸੀ। ਸ਼ੋਅਰੂਮ ਮਾਲਕ ਨੇ ਪੁਲਿਸ ਨੂੰ ਦਸਿਆ ਕਿ ਚਿੱਠੀ ਵਿਚ ਲਿਖਿਆ ਸੀ ਕਿ ਇਹ ਰੌਂਦ ਤੁਹਾਨੂੰ ਤੋਹਫ਼ੇ ਵਜੋਂ ਭੇਜੇ ਗਏ ਹਨ। ਜੇਕਰ ਤੁਸੀਂ ਸਾਡੇ ਨਾਲ ਗੱਲ ਨਹੀਂ ਕਰੋਗੇ, ਤਾਂ ਅਸੀਂ ਇਸ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਾਂ। ਪੱਤਰ ਵਿਚ ਜੀਬੀ ਅਤੇ ਐਲਬੀ ਲਿਖਿਆ ਗਿਆ ਸੀ। ਇਹ ਚਿੱਠੀ ਉਸ ਦੇ ਸੁਰੱਖਿਆ ਗਾਰਡ ਨੂੰ ਮਿਲੀ ਸੀ। ਸੀਸੀਟੀਵੀ ਉਸ ਖੇਤਰ ਨੂੰ ਕਵਰ ਨਹੀਂ ਕਰਦਾ ਜਿਥੇ ਪੱਤਰ ਸੁੱਟਿਆ ਗਿਆ ਸੀ। ਹਿੰਦੀ ਵਿਚ ਲਿਖੀ ਗਈ ਚਿੱਠੀ ਵਿਚ ਦੋ ਨਾਂ ਲਿਖੇ ਗਏ ਸਨ, ਜਿਨ੍ਹਾਂ ਵਿਚੋਂ ਇਕ ਲਾਰੈਂਸ ਬਿਸ਼ਨੋਈ (ਐਲਬੀ) ਅਤੇ ਦੂਜਾ ਗੋਲਡੀ ਬਰਾੜ (ਜੀ.ਬੀ.) ਸੀ। ਕਰਮਾ ਫੈਸ਼ਨ ਦੇ ਮਾਲਕ ਰਾਘਵ ਨੇ ਉਦੋਂ ਪੁਲਿਸ ਨੂੰ ਦਸਿਆ ਸੀ ਕਿ ਉਸ ਨੂੰ ਲੰਬੇ ਸਮੇਂ ਤੋਂ ਧਮਕੀਆਂ ਦੇ ਫੋਨ ਆ ਰਹੇ ਸਨ।