ਜਲੰਧਰ 'ਚ ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਰੇਲਵੇ ਟਰੈਕ ਵੀ ਕੀਤਾ ਜਾਮ

ਜਲੰਧਰ, 23 ਨਵੰਬਰ : ਜਲੰਧਰ ਵਿੱਚ ਦਿੱਲੀ-ਜੰਮੂ ਨੈਸ਼ਨਲ ਹਾਈਵੇ (NH-44) ਤੋਂ ਬਾਅਦ ਕਿਸਾਨਾਂ ਨੇ ਰੇਲਵੇ ਟਰੈਕ ਵੀ ਜਾਮ ਕਰ ਦਿੱਤਾ ਹੈ। ਕਿਸਾਨ ਗੰਨੇ ਦੇ ਰੇਟ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਲੁਧਿਆਣਾ ਵੱਲ ਜਾਂਦੇ ਸਮੇਂ ਪੀਏਪੀ ਚੌਕ ਤੋਂ ਕੁਝ ਦੂਰੀ ਉਤੇ ਧਨੋਵਾਲੀ ਫਾਟਕ ਨੇੜੇ ਰੇਲਵੇ ਟਰੈਕ ਅਤੇ ਨੈਸ਼ਨਲ ਹਾਈਵੇ ਨੂੰ ਬੰਦ ਕਰ ਦਿੱਤਾ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਹਾਈਵੇਅ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਦੀ ਸਲਾਹ ਦਿੱਤੀ ਸੀ। ਹਾਲਾਂਕਿ ਬੈਰੀਕੇਡਿੰਗ ਦੇ ਬਾਵਜੂਦ ਜਲੰਧਰ ਪੁਲਿਸ ਕਿਸਾਨਾਂ ਨੂੰ ਰੋਕ ਨਹੀਂ ਸਕੀ। ਫਿਲਹਾਲ ਹਾਈਵੇਅ 'ਤੇ ਸਰਵਿਸ ਲੇਨ ਰਾਹੀਂ ਆਵਾਜਾਈ ਨੂੰ ਜਾਣ ਦਿੱਤਾ ਗਿਆ ਹੈ। ਰੇਲਵੇ ਟ੍ਰੈਕ ਬੰਦ ਹੁੰਦੇ ਹੀ ਸ਼ਤਾਬਦੀ ਐਕਸਪ੍ਰੈਸ ਨੂੰ ਕਪੂਰਥਲਾ ਦੇ ਫਗਵਾੜਾ ਵਿਖੇ ਰੋਕ ਦਿੱਤਾ ਗਿਆ। ਇਹ ਪ੍ਰਦਰਸ਼ਨ ਜਲੰਧਰ ਕੈਂਟ ਸਟੇਸ਼ਨ ਨੇੜੇ ਹੋ ਰਿਹਾ ਹੈ। ਇਸ ਲਈ ਆਮਰਪਾਲੀ ਐਕਸਪ੍ਰੈੱਸ ਨੂੰ ਜਲੰਧਰ ਸਿਟੀ ਸਟੇਸ਼ਨ 'ਤੇ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਲੋਹੀਆ ਖਾਸ ਰੂਟ ਤੋਂ ਮੋੜ ਦਿੱਤਾ ਗਿਆ। ਰੇਲਵੇ ਮੁਤਾਬਕ ਇਸ ਟ੍ਰੈਕ 'ਤੇ ਹਰ 24 ਘੰਟਿਆਂ 'ਚ 120 ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਜਲੰਧਰ-ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਟਰੇਨ ਫੜਨ ਵਾਲੇ ਯਾਤਰੀਆਂ ਨੂੰ ਫਗਵਾੜਾ ਅਤੇ ਲੁਧਿਆਣਾ ਤੋਂ ਟਰੇਨ ਫੜਨੀ ਪੈ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਤੋਂ ਯਾਤਰੀਆਂ ਨੂੰ ਫਗਵਾੜਾ ਅਤੇ ਲੁਧਿਆਣਾ ਵੀ ਟਰੇਨ ਫੜਨ ਲਈ ਜਾਣਾ ਪਵੇਗਾ। ਵੀਰਵਾਰ ਸਵੇਰੇ ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕੀਤੇ, ਉਦੋਂ ਤੱਕ 40 ਟਰੇਨਾਂ ਰਵਾਨਾ ਹੋ ਚੁੱਕੀਆਂ ਸਨ, ਹੁਣ 80 ਟਰੇਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਜਲੰਧਰ ਸਿਟੀ ਸਟੇਸ਼ਨ ਤੋਂ ਟਰੇਨਾਂ ਦਾ ਡਾਇਵਰਸ਼ਨ ਲਗਾਇਆ ਗਿਆ ਹੈ। ਇਸ ਦੌਰਾਨ ਲੁਧਿਆਣਾ, ਅੰਬਾਲਾ, ਪਾਣੀਪਤ, ਦਿੱਲੀ ਤੋਂ ਹੁੰਦੇ ਹੋਏ ਦੂਜੇ ਰਾਜਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਨਕੋਦਰ, ਲੋਹੀਆਂ ਸੇਖ ਤੋਂ ਵਾਇਆ ਫਗਵਾੜਾ ਲਈ ਰਵਾਨਾ ਹੋਣਗੀਆਂ।