ਦੁਕਾਨਦਾਰਾਂ ਲਈ 200 ਤੋਂ ਵਧੇਰੇ ਮੁੱਲ ਵਾਲੀ ਵਸਤ ਦਾ ਬਿੱਲ ਦੇਣਾ ਲਾਜ਼ਮੀ : ਅਸਿਸਟੈਂਟ ਕਮਿਸ਼ਨਰ 

  • ਡੀਲਰਾਂ ਨੂੰ ਆਪਣੀ ਦੁਕਾਨ ਦਾ ਨਾਮ ਪੰਜਾਬੀ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਲਿਖਵਾਉਣ ਲਈ ਆਖਿਆ
  • ਵਿਭਾਗ ਵੱਲੋਂ ਜਾਰੀ ਜੀ.ਐਸ.ਟੀ. ਨੰਬਰ ਵੀ ਸਾਫ-ਸਾਫ ਲਿਖਵਾਇਆ ਜਾਵੇ

ਨਵਾਂਸ਼ਹਿਰ, 24 ਮਈ : ਸਹਾਇਕ ਕਮਿਸ਼ਨਰ ਰਾਜ ਕਰ, ਸ਼ਹੀਦ ਭਗਤ ਸਿੰਘ ਨਗਰ, ਹਰਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਵਪਾਰੀਆਂ ਅਤੇ ਅਕਾਊਂਟੈਂਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਜੀ.ਐਸ.ਟੀ. ਐਕਟ 2017 ਸਬੰਧੀ ਦੀ ਪਾਲਣਾ ਅਤੇ ਹਦਾਇਤਾਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਸਹਾਇਕ ਕਮਿਸ਼ਨਰ ਰਾਜ ਕਰ ਵੱਲੋਂ ਵਪਾਰੀਆਂ ਅਤੇ ਅਕਾਊਂਟੈਂਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਜੀ.ਐਸ.ਟੀ. ਨਾਲ ਸਬੰਧਤ ਸਰਕਾਰ ਵੱਲੋਂ ਜਾਰੀ ਨਵੀਂਆਂ ਹਦਾਇਤਾਂ ਬਾਰੇ ਜਾਣੂ ਕਰਵਾਉਂਦਿਆਂ ਹਦਾਇਤ ਕੀਤੀ ਕਿ ਦੁਕਾਨਦਾਰਾਂ ਵੱਲੋਂ 200/- ਰੁਪਏ ਤੋਂ ਵੱਧ ਕੀਮਤ ਵਾਲੀ ਵਸਤੂ ਦਾ ਬਿੱਲ ਲਾਜ਼ਮੀ ਕੱਟਿਆ ਜਾਵੇ ਅਤੇ ਅਜਿਹਾ ਨਾ ਕਰਨ ਵਾਲੇ ਖਿਲਾਫ਼ ਪੰਜਾਬ ਜੀ.ਐਸ.ਟੀ. ਐਕਟ, 2017 ਦੀ ਧਾਰਾ 122 ਤਹਿਤ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ  ਕਿ ਆਮ ਲੋਕਾਂ ਵੱਲੋਂ ਲਗਾਤਾਰ ਇਹ ਸ਼ਿਕਇਤਾਂ ਆ ਰਹੀਆਂ ਹਨ ਕਿ ਦੁਕਾਨਦਾਰ ਵੱਲੋਂ ਵੇਚੀ ਜਾਣ ਵਾਲੀ ਵਸਤੂ ਦਾ ਬਿੱਲ ਨਹੀਂ ਕੱਟਿਆ ਜਾ ਰਿਹਾ ਅਤੇ ਅਜਿਹੀ ਹੀ ਇੱਕ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਦੁਕਾਨਦਾਰ ਨੂੰ ਜੀ.ਐਸ.ਟੀ. ਦੀ ਧਾਰਾ 122 ਤਹਿਤ ਨੋਟਿਸ ਜਾਰੀ ਕਰਦੇ ਹੋਏ 20,000/- ਰੁਪਏ ਦਾ ੁਰਮਾਨਾ ਲਗਾਇਆ ਜਾ ਚੁੱਕਾ ਹੈ।  ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਡੀਲਰਾਂ ਵੱਲੋਂ ਆਪਣੀ ਦੁਕਾਨ ਦਾ ਨਾਮ ਪੰਜਾਬੀ ਅਤੇ ਅੰਗ੍ਰੇਜ਼ੀ ਭਾਸ਼ਾ ਵਿੱਚ ਅਤੇ ਵਿਭਾਗ ਵੱਲੋਂ ਜਾਰੀ ਜੀ.ਐਸ.ਟੀ. ਨੰਬਰ ਸਾਫ-ਸਾਫ ਲਿਖਵਾਇਆ ਜਾਵੇ, ਜੋ ਕਿ ਚੰਗੀ ਤਰ੍ਹਾਂ ਪੜ੍ਹਿਆ ਜਾ ਸਕੇ। ਉਨ੍ਹਾਂ ਵੱਲੋਂ ਡੀਲਰਾਂ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਬਾਰੇ ਵੀ ਢੁੱਕਵੀਂ ਕਾਰਵਾਈ ਕੀਤੀ ਗਈ। ਇਸ ਮੀਟਿੰਗ ਵਿੱਚ ਵਪਾਰੀਆਂ ਅਤੇ ਅਕਾਊਂਟੈਂਟਸ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ ਜੀ.ਐਸ.ਟੀ. ਵਿਭਾਗ ਦੇ ਖੁਸ਼ਵੰਤ ਸਿੰਘ ਸਟੇਟ ਟੈਕਸ ਅਫਸਰ, ਸੁਰਜੀਤ ਸਿੰਘ ਕਰ ਨਿਰੀਖਕ, ਸ਼੍ਰੀਮਤੀ ਸਤਿੰਦਰ ਕੌਰ ਖਾਬੜਾ ਕਰ ਨਿਰੀਖਕ, ਰਾਧਾ ਰਮਨ ਕਰ ਨਿਰੀਖਕ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।