ਸੜਕ ਹਾਦਸਿਆਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ : ਕੈਬਨਿਟ ਮੰਤਰੀ ਜ਼ਿੰਪਾ

ਹੁਸ਼ਿਆਰਪੁਰ, 15 ਜਨਵਰੀ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਵੱਲੋਂ ਅਪਣਾਈ ਗਈ ਸਾਵਧਾਨੀ ਸਾਡੀਆਂ ਅਤੇ ਹੋਰ ਕੀਮਤੀ ਜਾਨਾਂ ਨੂੰ ਬਚਾ ਸਕਦੀ ਹੈ।  ਉਹ ਐਤਵਾਰ ਨੂੰ ਸੜਕ ਸੁਰੱਖਿਆ ਸਪਤਾਹ ਤਹਿਤ ਨਲੋਈਆਂ ਚੌਕ ਹੁਸ਼ਿਆਰਪੁਰ ਵਿਖੇ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਮੌਕੇ ਵਾਹਨ ਚਾਲਕਾਂ ਨੂੰ ਸੰਬੋਧਨ ਕਰ ਰਹੇ ਸਨ| ਇਸ ਦੌਰਾਨ ਉਨ੍ਹਾਂ ਨੇ ਕਈ ਕਮਰਸ਼ੀਅਲ ਵਾਹਨਾਂ 'ਤੇ ਰਿਫਲੈਕਟਰ ਲਗਾਏ। ਕੈਬਨਿਟ ਮੰਤਰੀ ਨੇ ਕਿਹਾ ਕਿ ਹਰ ਵਾਹਨ 'ਤੇ ਰਿਫਲੈਕਟਰ ਲਗਾਉਣੇ ਜ਼ਰੂਰੀ ਹਨ ਕਿਉਂਕਿ ਵਾਹਨਾਂ 'ਤੇ ਰਿਫਲੈਕਟਰ ਨਾ ਹੋਣ ਕਾਰਨ ਹਨੇਰੇ ਅਤੇ ਧੁੰਦ 'ਚ ਹਾਦਸੇ ਵਾਪਰਦੇ ਹਨ। ਉਨ੍ਹਾਂ ਰਿਜਨਲ ਟਰਾਂਸਪੋਰਟ ਅਥਾਰਟੀ ਅਤੇ ਟ੍ਰੈਫਿਕ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਦੇ ਕੰਮ ਨੂੰ ਇੱਕ ਮੁਹਿੰਮ ਵਜੋਂ ਲੈਣ ਅਤੇ ਲੋਕਾਂ ਵਿੱਚ ਟ੍ਰੈਫਿਕ ਨਿਯਮਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ। ਉਨ੍ਹਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਕਿ ਟ੍ਰੈਫਿਕ ਨਿਯਮਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ।  ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸੜਕ ਹਾਦਸੇ ਉਦੋਂ ਹੀ ਵਾਪਰਦੇ ਹਨ ਜਦੋਂ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕੀਤੀ ਜਾਵੇ, ਇਸ ਲਈ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ| ਇਸ ਮੌਕੇ ਸਤਵੰਤ ਸਿੰਘ ਸਿਆਣ, ਵਰਿੰਦਰ ਸ਼ਰਮਾ ਬਿੰਦੂ, ਅਜੇ ਰਾਣਾ, ਹਰਜਿੰਦਰ ਵਿਰਦੀ, ਰਾਜਵੀਰ ਸਿੰਘ ਰਾਜਾ, ਪਵਨ ਕੁਮਾਰ, ਅਸ਼ੀਸ਼ ਠਾਕੁਰ, ਸੁਰੇਸ਼ ਸ਼ਰਮਾ, ਬੀਰਾ ਨਲੋਈਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।