ਡਿਪਟੀ ਕਮਿਸ਼ਨਰ ਵੱਲੋਂ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਵਾਲਿਆਂ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਲਾਇਬਰੇਰੀ ਅਤੇ ਕੰਪਿਊਟਰਾਂ ਦੀਆਂ ਸੇਵਾਵਾਂ ਲੈਣ ਦਾ ਸੱਦਾ

ਨਵਾਂਸ਼ਹਿਰ, 08 ਮਈ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਲਾਇਬਰੇਰੀ ਦਾ ਦੌਰਾ ਕਰਕੇ ਉੱਥੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜੁਆਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕਰੀਅਰ ਪ੍ਰਤੀ ਉਤਸ਼ਾਹਿਤ ਕੀਤਾ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਨੌਜੁਆਨਾਂ ਨੂੰ ਪੰਜਾਬ ਸਰਕਾਰ ਵੱਲਾਂ ਮੁਹੱਈਆ ਕਰਵਾਏ ਇਸ ਮੰਚ ਦੀਆਂ ਸੇਵਾਵਾਂ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਲਾਇਬਰੇਰੀ ਵਿੱਚ ਜਿੱਥੇ ਰੋਜ਼ਾਨਾ ਅੰਗਰੇਜ਼ੀ ਤੇ ਪੰਜਾਬੀ ਅਖਬਾਰਾਂ ਦੀ ਸਹੂਲਤ ਹੈ, ਉੱਥੇ ਪੜ੍ਹਨ ਲਈ ਚੰਗੀਆਂ ਸਾਹਿਤਕ ਤੇ ਆਮ ਜਾਣਕਾਰੀ ਨਾਲ ਸਬੰਧਤ ਕਿਤਾਬਾਂ ਵੀ ਉਪਲਬਧ ਹਨ। ਡਿਪਟੀ ਕਮਿਸ਼ਨਰ ਅਨੁਸਾਰ ਇਸ ਤੋਂ ਇਲਾਵਾ ਲਾਇਬਰੇਰੀ ਵਿੱਚ ਕੰਪਿਊਟਰ ਸਮੇਤ ਇੰਟਰਨੈਟ ਸੇਵਾ ਵੀ ਮੁਫ਼ਤ ਉਪਲਬਧ ਹਨ, ਜਿੱਥੇ ਤਿਆਰੀ ਕਰਨ ਵਾਲੇ ਨੌਜੁਆਨ ਡਿਜੀਟਲ ਕੰਨਟੈਂਟ ਵੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਲਾਇਬਰੇਰੀ ਆਮ ਦਿਨਾਂ ’ਚ ਦਫ਼ਤਰੀ ਸਮੇਂ ਦੌਰਾਨ ਸਵੇਰੇ 7:50 ਤੋਂ ਦੁਪਹਿਰ 2 ਵਜੇ ਤੱਕ ਅਤੇ ਸ਼ਨਿੱਚਰਵਾਰ ਨੂੰ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੀ ਰਹੇਗੀ। ਐਤਵਾਰ ਨੂੰ ਇਹ ਲਾਇਬਰੇਰੀ ਬੰਦ ਰਹੇਗੀ। ਉਨ੍ਹਾਂ ਨੇ ਇਸ ਮੌਕੇ ਜ਼ਿਲ੍ਹੇ ਦੇ ਨੌਜੁਆਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਰੋਜ਼ਗਾਰ ਪੋਰਟਲ ਪੀ ਜੀ ਆਰ ਕੇ ਏ ਐਮ ਡਾਟ ਕਾਮ ਨਾਲ ਜੁੜੇ ਰਹਿਣ, ਜਿਸ ’ਤੇ ਰੋਜ਼ਗਾਰ ਬਾਰੇ ਨਵੀਨਤਮ ਜਾਣਕਾਰੀ ਅਪਡੇਟ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵੱਲੋਂ ਪੰਜਾਬ ਸਰਕਾਰ ਪਾਸੋਂ ਕੋਚਿੰਗ ਲਈ ਪੇਸ਼ੇਵਾਰਾਨਾ ਮਾਹਿਰ ਦੀਆਂ ਸੇਵਾਵਾਂ ਵੀ ਮੰਗੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨੌਜੁਆਨਾਂ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਜੁੜੇ ਰਹਿਣ ਅਤੇ ਇਸ ਦੇ ਹੀ ਅਧੀਨ ਕੰਮ ਕਰਦੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਿੰਗ ਤਹਿਤ ਹੁਨਰੀ ਸਿਖਲਾਈ ਮੁਫ਼ਤ ਮੁਹੱਈਆ ਕਰਵਾਉਣ ਜਿਹੇ ਲਾਭ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਏ ਡੀ ਸੀ (ਜ) ਰਾਜੀਵ ਵਰਮਾ, ਜ਼ਿਲ੍ਹਾ ਰੋਜ਼ਗਾਰ ਉਤਪਤੀ ਤੇ ਹੁਨਰ ਸਿਖਲਾਈ ਅਫ਼ਸਰ ਸੰਜੀਵ ਕੁਮਾਰ ਅਤੇ ਬਿਊਰੋ ਦਾ ਹੋਰ ਸਟਾਫ਼ ਮੌਜੂਦ ਸੀ।