ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਮਜ਼ਦੂਰ ਵਰਗ ਅਤੇ ਕਾਰੀਗਰਾਂ ਦਾ ਅਹਿਮ ਯੋਗਦਾਨ : ਬ੍ਰਮ ਸ਼ੰਕਰ ਜਿੰਪਾ

  • ਵਿਸ਼ਵਕਰਮਾ ਦਿਵਸ 'ਤੇ ਲੇਬਰ ਸ਼ੈੱਡ ਹੁਸ਼ਿਆਰਪੁਰ ਅਤੇ ਪਿੰਡ ਥਰੋਲੀ ਵਿਖੇ ਆਯੋਜਿਤ ਪ੍ਰੋਗਰਾਮ 'ਚ ਕੈਬਨਿਟ ਮੰਤਰੀ ਨੇ ਕੀਤੀ ਸ਼ਿਰਕਤ 
  • ਕਿਹਾ, ਸਰਕਾਰ ਮਜ਼ਦੂਰ ਅਤੇ ਕਾਰੀਗਰ ਵਰਗ ਦੇ ਹਿੱਤਾਂ ਦੀ ਰਾਖੀ ਵਚਨਬੱਧ

ਹੁਸ਼ਿਆਰਪੁਰ, 14 ਨਵੰਬਰ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਵਿਸ਼ਵਕਰਮਾ ਦਿਵਸ ਮੌਕੇ ਲੇਬਰ ਅੱਡਾ ਹੁਸ਼ਿਆਰਪੁਰ, ਪਿੰਡ ਥਰੋਲੀ ਅਤੇ ਹੋਰਨਾਂ ਸਮਾਗਮਾਂ ਵਿਚ ਪਹੁੰਚ ਕੇ ਮਜ਼ਦੂਰ ਭਾਈਚਾਰੇ ਅਤੇ ਕਾਰੀਗਰਾਂ ਨੂੰ ਭਗਵਾਨ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਹਿੱਤਾਂ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਅਤੇ ਦਸਤਕਾਰਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ, ਹੁਸ਼ਿਆਰਪੁਰ ਸੈਂਟਰਲ ਸਹਿਕਾਰੀ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਜ਼ਦੂਰਾਂ ਅਤੇ ਦਸਤਕਾਰਾਂ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਉਨ੍ਹਾਂ ਨੂੰ ਹਰੇਕ ਬੁਨਿਆਦੀ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਹਾਜ਼ਰ ਵਰਕਰਾਂ ਨੂੰ ਉਨ੍ਹਾਂ ਦੇ ਲਾਭ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਕਿਰਤੀ ਲੋਕਾਂ ਨੂੰ ਸਲਾਮ ਕਰਦੇ ਹਾਂ ਕਿਉਂਕਿ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਮਜ਼ਦੂਰ ਵਰਗ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੂੰ ਦੇਵਤਿਆਂ ਦਾ ਆਰਕੀਟੈਕਟ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਰਕੀਟੈਕਚਰ ਦਾ ਪਿਤਾਮਾ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਸਾਡੇ ਮਜ਼ਦੂਰ ਭਰਾ ਅਤੇ ਕਾਰੀਗਰ ਮਸ਼ੀਨਾਂ ਅਤੇ ਔਜ਼ਾਰਾਂ ਦੀ ਸਫ਼ਾਈ ਕਰਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ। ਉਨ੍ਹਾਂ ਮਜ਼ਦੂਰ ਵਰਗ ਅਤੇ ਕਾਰੀਗਰ ਵਰਗ ਨੂੰ ਉਨ੍ਹਾਂ ਦੀ ਲਗਨ, ਪ੍ਰਤਿਭਾ ਅਤੇ ਮਿਹਨਤ ਲਈ ਸਲਾਮ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਹਰੇਕ ਸਰਕਾਰੀ ਸਕੀਮ ਦਾ ਲਾਭ ਉਨ੍ਹਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਬੀਰ ਸਿੰਘ, ਕੌਂਸਲਰ ਵਿਜੇ ਅਗਰਵਾਲ, ਪ੍ਰੀਤਪਾਲ, ਅਸ਼ੋਕ ਕੁਮਾਰ, ਰਾਜਨ ਕੁਮਾਰ, ਕ੍ਰਿਸ਼ਨ ਗੋਪਾਲ ਆਨੰਦ, ਪ੍ਰਮੋਦ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।