ਡੋਰ ਸਟੈਪ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਹੁਸ਼ਿਆਰਪੁਰ ਵਾਸੀ : ਬ੍ਰਮ ਸ਼ੰਕਰ ਜਿੰਪਾ

  • ਟੋਲ-ਫ੍ਰੀ ਨੰਬਰ 1076 'ਤੇ ਕਾਲ ਕਰਨ ਨਾਲ ਘਰ ਬੈਠੇ ਮਿਲ ਰਹੀਆਂ ਹਨ 43 ਸਰਕਾਰੀ ਸੇਵਾਵਾਂ
  • ਜ਼ਿਲ੍ਹੇ ‘ਚ ਤਾਇਨਾਤ ਸੇਵਾ ਸਹਾਇਕ ਘਰ ਆ ਕੇ ਪ੍ਰਦਾਨ ਕਰ ਰਹੇ ਹਨ ਸਰਕਾਰੀ ਸੇਵਾਵਾਂ

ਹੁਸ਼ਿਆਰਪੁਰ, 21 ਅਗਸਤ 2024 - ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੀਆਂ ਡੋਰ ਸਟੈਪ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਉਣਾ ਹੈ, ਤਾਂ ਜੋ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਲਾਉਣੇ ਪੈਣ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਤਹਿਤ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ ਜੋ ਪਹਿਲਾਂ ਸੇਵਾ ਕੇਂਦਰਾਂ ਵਿਚ ਮਿਲਦੀਆਂ ਸਨ, ਹੁਣ ਲੋਕਾਂ ਦੇ ਘਰਾਂ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸਹੂਲਤ ਤਹਿਤ ਸੇਵਾ ਕੇਂਦਰਾਂ ਵੱਲੋਂ ਤਾਇਨਾਤ ਸੇਵਾ ਸਹਾਇਕ ਨਾਗਰਿਕਾਂ ਦੇ ਘਰ ਜਾ ਕੇ ਉਨ੍ਹਾਂ ਦੀਆਂ ਲਾਈਵ ਫੋਟੋਆਂ ਅਤੇ ਹੋਰ ਦਸਤਾਵੇਜ਼ ਇਕੱਠੇ ਕਰਦੇ ਹਨ। ਜਦੋਂ ਸਰਟੀਫਿਕੇਟ ਤਿਆਰ ਹੋ ਜਾਂਦਾ ਹੈ ਤਾਂ ਸੇਵਾ ਸਹਾਇਕ ਇਸ ਨੂੰ ਨਾਗਰਿਕ ਦੇ ਘਰ ਵੀ ਪਹੁੰਚਦਾ ਕਰਦਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਟੋਲ-ਫ੍ਰੀ ਨੰਬਰ 1076 'ਤੇ ਕਾਲ ਕਰ ਸਕਦੇ ਹਨ। ਕਾਲ ਕਰਨ 'ਤੇ ਨਾਗਰਿਕ ਨੂੰ ਸਰਕਾਰੀ ਨੁਮਾਇੰਦੇ ਨੂੰ ਆਪਣੇ ਘਰ ਆਉਣ ਦਾ ਸਮਾਂ ਅਤੇ ਤਰੀਕ ਤੈਅ ਕਰੇਗਾ। ਇਸ ਤੋਂ ਬਾਅਦ ਸਰਕਾਰੀ ਨੁਮਾਇੰਦਾ ਨਿਰਧਾਰਤ ਸਮੇਂ 'ਤੇ ਨਾਗਰਿਕ ਦੇ ਘਰ ਆ ਕੇ ਉਸ ਦੀ ਫੋਟੋ ਅਤੇ ਦਸਤਾਵੇਜ਼ ਇਕੱਤਰ ਕਰੇਗਾ ਅਤੇ ਲੋੜੀਂਦੀ ਸਰਕਾਰੀ ਸੇਵਾ ਪ੍ਰਦਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ ਅਤੇ ਤਿਆਰ ਸਰਟੀਫਿਕੇਟ ਵੀ ਘਰ ਪਹੁੰਚਾਇਆ ਜਾਵੇਗਾ। ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਨ੍ਹਾਂ ਡੋਰ ਸਟੈਪ ਸੇਵਾਵਾਂ ਵਿਚ ਜਾਤੀ ਸਰਟੀਫਿਕੇਟ, ਜਨਮ-ਮੌਤ ਸਰਟੀਫਿਕੇਟ, ਲੇਬਰ ਕਾਰਡ, ਬੁਢਾਪਾ, ਵਿਧਵਾ, ਦਿਵਿਆਂਗਜਨ ਅਤੇ ਆਸ਼ਰਿਤ ਪੈਨਸ਼ਨ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਵਿਆਹ ਸਰਟੀਫਿਕੇਟ ਸਮੇਤ 43 ਸੇਵਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤ ਆਮ ਲੋਕਾਂ ਲਈ ਬੇਹੱਦ ਲਾਹੇਵੰਦ ਹੈ ਕਿਉਂਕਿ ਇਸ ਨਾਲ ਦਫ਼ਤਰਾਂ ਵਿਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੁੰਦੀ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਸੇਵਾ ਦਾ ਮੁੱਖ ਉਦੇਸ਼ ਨਾਗਰਿਕਾਂ ਦੇ ਜੀਵਨ ਨੂੰ ਸਰਲ ਬਣਾਉਣਾ ਹੈ, ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿਚ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਸਰਕਾਰੀ ਸੇਵਾਵਾਂ ਲਈ ਟੋਲ ਫਰੀ ਨੰਬਰ 1076 ਦੀ ਵਰਤੋਂ ਕਰਨ।
ਵਰਨਣਯੋਗ ਹੈ ਕਿ ਇਹ ਸੇਵਾ ਹੁਸ਼ਿਆਰਪੁਰ ਜ਼ਿਲ੍ਹੇ ਵਿਚ 11 ਦਸੰਬਰ 2023 ਤੋਂ ਸ਼ੁਰੂ ਕੀਤੀ ਗਈ ਸੀ ਅਤੇ ਲੋਕਾਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਸੇਵਾ ਰਾਹੀਂ ਪੰਜਾਬ ਸਰਕਾਰ ਨੇ ਜਿਥੇ ਨਾਗਰਿਕਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਨੂੰ ਪਹਿਲ ਦਿੱਤੀ ਹੈ, ਉੱਥੇ ਹੀ ਸੂਬੇ ਵਿਚ ਪ੍ਰਸ਼ਾਸਨਿਕ ਸੇਵਾਵਾਂ ਨੂੰ ਹੋਰ ਸੁਖਾਲ਼ਾ ਅਤੇ ਪਹੁੰਚਯੋਗ ਬਣਾਇਆ ਹੈ।