ਧੂਮ-ਧੜੱਕੇ ਨਾਲ ਸ਼ੁਰੂ ਹੋਇਆ ‘ਹੁਸ਼ਿਆਰਪੁਰ ਨੇਚਰ ਫੈਸਟ-2024’

  • ਵੱਖ-ਵੱਖ ਕਲਾਕਾਰਾਂ ਤੇ ਵਿਦਿਆਰਥੀਆਂ ਨੇ ਮੇਲੇ ’ਚ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ
  • ਹੁਣ 3 ਮਾਰਚ ਨੂੰ ਹੋਵੇਗੀ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਸਟਾਰ ਨਾਈਟ
  • ਜ਼ਿਲ੍ਹਾ ਵਾਸੀਆਂ ਨੂੰ ‘ਹੁਸ਼ਿਆਰਪੁਰ ਨੇਚਰ ਫੈਸਟ-2024’  ’ਚ ਪਰਿਵਾਰ ਸਮੇਤ ਆਉਣ ਦੀ ਕੀਤੀ ਅਪੀਲ

ਹੁਸ਼ਿਆਰਪੁਰ, 1 ਮਾਰਚ : ਹੁਸ਼ਿਆਰਪੁਰ ਵਿਖੇ ਸੈਰ-ਸਪਾਟੇ ਦੀਆਂ ਅਪਾਰ ਸੰਭਾਵਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਵਲੋਂ ‘ਹੁਸ਼ਿਆਰਪੁਰ ਨੇਚਰ ਫੈਸਟ-2024’ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਖੇ ਅੱਜ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਮੇਅਰ ਸੁਰਿੰਦਰ ਕੁਮਾਰ ਨੇ ਕਿਹਾ ਕਿ 5 ਮਾਰਚ ਤੱਕ ਚੱਲਣ ਵਾਲੇ ਨੇਚਰ ਫੈਸਟ-2024 ਨੂੰ ਲੈ ਕੇ ਹੁਸ਼ਿਆਰਪੁਰ ਵਾਸੀਆਂ ਵਿਚ ਕਾਫੀ ਉਤਸ਼ਾਹ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਖੁਦ ਵੀ ਇਸ ਨੇਚਰ ਫੈਸਟ ਵਿਚ ਆਉਣ ਅਤੇ ਹੋਰ ਲੋਕਾਂ ਨੂੰ ਵੀ ਇਥੇ ਆਉਣ ਲਈ ਪ੍ਰੇਰਿਤ ਕਰਨ, ਤਾਂ ਜੋ ਇਥੇ ਆਏ ਕਾਰੀਗਰਾਂ ਦਾ ਹੌਸਲਾ ਵਧਾਇਆ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਦੱਸਿਆ ਕਿ 3 ਮਾਰਚ ਨੂੰ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਸਟਾਰ ਨਾਈਟ ਦਾ ਆਯੋਜਨ ਹੋਵੇਗਾ। ਉਨ੍ਹਾਂ ਕਿਹਾ ਕਿ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਖੇ ਸਭਿਆਚਾਰਕ ਪ੍ਰੋਗਰਾਮ, ਸੈਲਫ ਹੈਲਪ ਗਰੁੱਪਾਂ ਦੀ ਪ੍ਰਦਰਸ਼ਨੀ, ਫੂਡ ਬਾਜ਼ਾਰ, ਫਾਰਮਰਸ ਮਾਰਕੀਟ, ਸਿੰਗਰ ਨਾਈਟ, ਕਾਈਟ ਫਲਾਇੰਗ, ਹਾਟ ਏਅਰ ਬੈਲੂਨਿੰਗ, ਡਿਸਪਲੇਅ ਗੈਲਰੀਜ ਦਾ ਸੈਟਅਪ ਲਗਾਏ ਗਏ ਹਨ। ਇਸ ਤੋਂ ਇਲਾਵਾ ਨਾਰਾ ਡੈਮ ਵਿਚ ਕੈਂਪਿੰਗ, ਟੈਕਿੰਗ, ਨਾਈਟ ਲਾਈਵ ਬੈਂਡ, ਕੂਕਾਨੈਟ ਤੋਂ ਦੇਹਰੀਆਂ ਤੱਕ ਆਫ਼ ਰੋਡਿੰਗ, ਥਾਣਾ ਡੈਮ ਵਿਚ ਈਕੋ ਹੱਟਸ, ਹਾਈ ਸਪੀਡ ਬੋਟਿੰਗਜ਼, ਸ਼ਿਕਾਰਾ ਰਾਈਡਸ, ਜੰਗਲ ਸਫਾਰੀ, ਚੌਹਾਲ ਡੈਮ ’ਤੇ ਸਫ਼ਾਰੀ, ਸਪੀਡ ਬੋਟਿੰਗ, ਕੈਫੇ ਜ਼ੋਨ, ਨੇਚਰ ਵਾਕ, ਬਰਮਾ ਬ੍ਰਿਜ ਆਦਿ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਹੈ। ਰਾਹੁਲ ਚਾਬਾ ਨੇ ਦੱਸਿਆ ਕਿ 5 ਮਾਰਚ ਤੱਕ ਹੁਸ਼ਿਆਰਪੁਰ ਨੇਚਰ ਫੈਸਟ ਰੋਜ਼ਾਨਾ ਦੁਸਹਿਰਾ ਗਰਾਊਂਡ ਵਿਚ ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ। ਇਸ ਦੌਰਾਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਹੁਸ਼ਿਆਰਪੁਰ ਸੈਂਟਰਲ ਕੋਅਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਪੰਜਾਬ ਉਦਯੋਗ ਵਿਕਾਸ ਨਿਗਮ ਦੇ ਵਾਈਸ ਚੇਅਰਮੈਨ ਹਰਮਿੰਦਰ ਸਿੰਘ ਬਖਸ਼ੀ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਰਾਜੇਸ਼ਵਰ ਦਿਆਲ ਸਮਾਜ ਸੇਵਕ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਕਮਿਸ਼ਨਰ ਨਗਰ ਨਿਗਮ ਜਿਯੋਤੀ ਬਾਲਾ ਮੱਟੂ, ਸਹਾਇਕ ਕਮਿਸ਼ਨਰ ਦਿਵਿਆ. ਪੀ, ਐਸ.ਡੀ.ਐਮ ਪ੍ਰੀਤਇੰਦਰ ਸਿੰਘ ਬੈਂਸ, ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ, ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿਦੀਕੀ, ਸਕੱਤਰ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।