ਵਰ੍ਹਦੇ ਮੀਂਹ ’ਚ ਮੇਅਰ ਅਤੇ ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਪਾਣੀ ਭਰੇ ਇਲਾਕਿਆਂ ਦਾ ਦੌਰਾ ਕਰਕੇ ਲਿਆ ਸਥਿਤੀ ਦਾ ਜਾਇਜ਼ਾ

  • ਨਗਰ ਨਿਗਮ ਤੇ ਸੀਵਰੇਜ ਬੋਰਡ ਦੀਆਂ ਟੀਮਾਂ ਨੇ ਦਿਨ ਭਰ ਮੀਂਹ ’ਚ ਮਿਹਨਤ ਤੇ ਲਗਨ ਨਾਲ ਨਿਭਾਈ ਆਪਣੀ ਡਿਊਟੀ
  • ਲੋਕਾਂ ਨੂੰ ਡਰੇਨਾਂ ’ਤੇ ਕੀਤੇ ਕਬਜ਼ੇ ਹਟਾਉਣ ਦੀ ਕੀਤੀ ਅਪੀਲ

ਹੁਸ਼ਿਆਰਪੁਰ, 5 ਜੁਲਾਈ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਨਿਰਦੇਸ਼ਾਂ ’ਤੇ ਅੱਜ ਮੇਅਰ ਸੁਰਿੰਦਰ ਕੁਮਾਰ ਤੇ ਡਿਪਟੀ ਕਮਿਸ਼ਨਰ-ਕਮ-ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਨੇ ਭਾਰੀ ਮੀਂਹ ਵਿਚ ਸ਼ਹਿਰ ਦੇ ਪਾਣੀ ਭਰੇ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਵੇਰ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਵਿਚ ਲੱਗੀਆਂ ਨਗਰ ਨਿਗਮ ਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਮੇਅਰ ਤੇ ਡਿਪਟੀ ਕਮਿਸ਼ਨਰ ਨੇ ਅੱਜ ਸੈਸ਼ਨ ਚੌਕ, ਸਰਕਾਰੀ ਕਾਲਜ ਚੌਕ, ਫਗਵਾੜਾ ਚੌਕ, ਸ਼ਿਮਲਾ ਪਹਾੜੀ ਚੌਕ, ਬਾਲ ਕ੍ਰਿਸ਼ਨ ਰੋਡ ਆਦਿ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਟੀਮਾਂ ਨੂੰ ਸ਼ਹਿਰ ਵਿਚ ਪਾਣੀ ਦੇ ਪੱਧਰ ਦੀ ਨਿਗਰਾਨੀ ਤੇ ਡਰੇਨਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪਾਣੀ ਭਰਨ ਵਾਲੇ ਇਲਾਕਿਆਂ ਵਿਚ ਪਾਣੀ ਦੀ ਨਿਕਾਸੀ ਹੋ ਰਹੀ ਹੈ ਅਤੇ ਜਿਥੇ ਵੀ ਨਿਕਾਸੀ ਸਬੰਧੀ ਕੋਈ ਸਮੱਸਿਆ ਆ ਰਹੀ ਹੈ, ਉਥੇ ਨਗਰ ਨਿਗਮ ਤੇ ਸੀਵਰੇਜ ਬੋਰਡ ਦੀਆਂ ਟੀਮਾਂ ਸਾਂਝੇ ਤੌਰ ’ਤੇ ਕੰਮ ਕਰਕੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾ ਰਹੀਆਂ ਹਨ। ਉਨ੍ਹਾਂ ਨਗਰ ਨਿਗਮ ਤੇ ਸੀਵਰੇਜ਼ ਬੋਰਡ ਦੀਆਂ ਟੀਮਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬੜੀ ਮਿਹਨਤ ਤੇ ਲਗਨ ਨਾਲ ਆਪਣੀ ਡਿਊਟੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਵਰ੍ਹਦੇ ਮੀਂਹ ਵਿਚ ਨਗਰ ਨਿਗਮ ਅਤੇ ਸੀਵਰੇਜ ਬੋਰਡ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਵੀ ਨਾਲੀਆਂ ਤੇ ਨਾਲਿਆਂ ’ਤੇ ਨਾਜਾਇਜ਼ ਕਬਜ਼ਾ ਕੀਤਾ ਹੈ, ਉਹ ਉਸ ਨੂੰ ਖੁਦ ਹੀ ਹਟਾ ਲੈਣ, ਤਾਂ ਜੋ ਡਰੇਨਾਂ ਦੀ ਸੁਚਾਰੂ ਢੰਗ ਨਾਲ ਸਫ਼ਾਈ ਹੋ ਸਕੇ। ਉਨ੍ਰਾਂ ਕਿਹਾ ਕਿ ਕਬਜ਼ਿਆਂ ਕਾਰਨ ਡਰੇਨਾਂ ਬਲਾਕ ਹੁੰਦੀਆਂ ਹਨ, ਜਿਸ ਕਾਰਨ  ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਆਪਣੀ ਨਿਗਰਾਨੀ ਵਿਚ ਬਰਸਾਤਾਂ ਦੇ ਮੱਦੇਨਜ਼ਰ ਸ਼ਹਿਰ ਦੇ ਨਾਲਿਆਂ ਦੀ ਸਫ਼ਾਈ ਕਰਵਾਈ ਸੀ, ਜਿਸ ਕਾਰਨ ਸ਼ਹਿਰ ਵਿਚ ਅੱਜ ਭਾਰੀ ਮੀਂਹ ਦੇ ਬਾਵਜੂਦ ਕਾਫ਼ੀ ਹੱਦ ਤੱਕ ਪਾਣੀ ਦੀ ਨਿਕਾਸੀ ਸੁਚਾਰੂ ਰਹੀ।