ਹੁਸ਼ਿਆਰਪੁਰ 'ਚ ਵਾਪਰੇ ਸੜਕ ਹਾਦਸੇ ਵਿਚ ਦਾਦੇ ਅਤੇ ਪੋਤੇ ਦੀ ਮੌਤ 

ਹੁਸ਼ਿਆਰਪੁਰ, 19 ਫਰਵਰੀ : ਹੁਸ਼ਿਆਰਪੁਰ 'ਚ ਮਹਿੰਦਰਾ ਐਕਸਯੂਵੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਦਾਦੇ ਅਤੇ ਪੋਤਰੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ। ਮ੍ਰਿਤਕ ਦੇ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਉਨ੍ਹਾਂ ਦੀ ਬੇਟੀ ਦਾ ਵਿਆਹ ਬੀਤੀ ਰਾਤ ਵਿਕਰਮ ਪੈਲੇਸ 'ਚ ਹੋਇਆ। ਧੀ ਦੀ ਡੋਲੀ ਵਿਦਾ ਕਰਨ ਤੋਂ ਬਾਅਦ ਉਸ ਦਾ ਲੜਕਾ, ਬੇਟੀ ਅਤੇ ਪਰਿਵਾਰ ਕਾਰ ਵਿੱਚ ਪਿੰਡ ਉਮਰਪੁਰ ਥਾਣਾ ਮੁਕੇਰੀਆ ਜਾ ਰਹੇ ਸਨ, ਕਿ ਅਚਾਨਕ ਸੜਕ 'ਤੇ ਅਵਾਰਾ ਪਸ਼ੂ ਆ ਗਿਆ। ਜਿਸ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਸਫੇਦੇ ‘ਚ ਜਾ ਟਕਰਾਈ। ਹਾਦਸੇ ਵਿਚ ਪੋਤੇ ਸਾਹਿਲ ਕਟੋਚ ਤੇ ਦਾਦੇ ਰੋਸ਼ਨ ਲਾਲ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਸ ਦੀ ਮਾਂ ਵੇਦ ਕੁਮਾਰੀ ਅਤੇ ਭਤੀਜਾ ਯੁਵਰਾਜ ਸਿੰਘ ਗੰਭੀਰ ਜ਼ਖਮੀ ਹੋ ਗਏ।