ਆਸ਼ੀਰਵਾਦ ਯੋਜਨਾ ਦਾ ਲਾਭ ਲੈਣ ਵਾਲਿਆਂ ਲਈ ਸਰਕਾਰ ਨੇ ਆਨਲਾਈਨ ਪੋਰਟਲ ਦੀ ਸ਼ੁਰੂਆਤ

ਜਲੰਧਰ  : ਪੰਜਾਬ ਸਰਕਾਰ ਦੀ ਆਸ਼ੀਰਵਾਦ ਯੋਜਨਾ ਤਹਿਤ ਹੁਣ ਪਹਿਲੀ ਜਨਵਰੀ ਤੋਂ ਆਫਲਾਈਨ ਸਿਸਟਮ ਪੂਰੀ ਤਰ੍ਹਾਂ ਤੋਂ ਬੰਦ ਹੋ ਜਾਵੇਗਾ। ਲੜਕੀ ਦੇ ਵਿਆਹ ‘ਤੇ ਆਸ਼ੀਰਵਾਦ ਯੋਜਨਾ ਤਹਿਤ ਮਿਲਣ ਵਾਲੀ ਰਕਮ ਨੂੰ ਪ੍ਰਾਪਤ ਕਰਨ ਲਈ ਆਪਣੀ ਫਾਈਲ ਨੂੰ ਲੈ ਕੇ ਲੋਕਾਂ ਨੂੰ ਸਰਕਾਰੀ ਦਫਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ। ਯੋਜਨਾ ਦੇ ਲਾਭ ਲੈਣ ਵਾਲਿਆਂ ਲਈ ਸਰਕਾਰ ਨੇ ਆਨਲਾਈਨ ਪੋਰਟਲ ਦੀ ਸ਼ੁਰੂਆਤ ਕਰ ਦਿੱਤੀ ਹੈ। ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਨੇ ਆਸ਼ੀਰਵਾਦ ਸਕੀਮ ਅਧੀਨ ਅਰਜ਼ੀਆਂ ਲਈ ਇੱਕ ਪੋਰਟਲ https:// ashirwad. punjab.gov.in// ਲਾਂਚ ਕੀਤਾ ਹੈ। ਹੁਣ ਬਿਨੈਕਾਰਾਂ ਨੂੰ ਆਪਣੇ ਦਸਤਾਵੇਜ਼ ਇਸ ਪੋਰਟਲ ‘ਤੇ ਅਪਲੋਡ ਕਰਨੇ ਹੋਣਗੇ ਅਤੇ ਇਸ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਮਿਲੇਗੀ ਕਿ ਉਨ੍ਹਾਂ ਦੀ ਫਾਈਲ ਕਿੱਥੇ ਪਹੁੰਚੀ ਅਤੇ ਇਹ ਕਿਉਂ ਫਸ ਗਈ ਹੈ। ਬਿਨੈਕਾਰ ਨੂੰ ਆਪਣੀ ਅਰਜ਼ੀ ‘ਤੇ ਇਤਰਾਜ਼ ਸਿਰਫ਼ ਆਨਲਾਈਨ ਤੋਂ ਹੀ ਦੂਰ ਕਰਨੇ ਹੋਣਗੇ। ਫਿਲਹਾਲ ਵਿਭਾਗ 31 ਦਸੰਬਰ ਤੱਕ ਆਨਲਾਈਨ ਅਤੇ ਆਫਲਾਈਨ ਅਰਜ਼ੀਆਂ ਲੈ ਰਿਹਾ ਹੈ। ਪਰ 1 ਜਨਵਰੀ 2023 ਤੋਂ ਦਫ਼ਤਰ ਵਿੱਚ ਕੋਈ ਵੀ ਆਫਲਾਈਨ ਅਰਜ਼ੀ ਜਮ੍ਹਾਂ ਨਹੀਂ ਕਰਵਾਈ ਜਾਵੇਗੀ। ‘ਆਸ਼ੀਰਵਾਦ’ ਸਿਰਫ਼ ‘ਆਸ਼ੀਰਵਾਦ ਪੋਰਟਲ’ ਤੋਂ ਹੀ ਮਿਲੇਗਾ, ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਪੋਰਟਲ ਦਾ ਨਾਂ ਵੀ ‘ਆਸ਼ੀਰਵਾਦ ਪੋਰਟਲ’ ਰੱਖਿਆ ਗਿਆ ਹੈ। ਹੁਣ ਇਸ ਪੋਰਟਲ ਰਾਹੀਂ ਵਿਆਹੁਤਾ ਜੋੜੇ ਨੂੰ ਸਰਕਾਰ ਤੋਂ ‘ਆਸ਼ੀਰਵਾਦ’ ਮਿਲੇਗਾ। ਇਸ ਸਬੰਧੀ ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਵੱਲੋਂ https: //ashirwad. punjab.gov.in/ ਇੱਕ ਪੋਰਟਲ ਲਾਂਚ ਕੀਤਾ ਗਿਆ ਹੈ, ਜਿਸ ਨਾਲ ਲਾਭਪਾਤਰੀਆਂ ਦਾ ਕਾਫੀ ਸਮਾਂ ਬਚੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਕਿਰਿਆ ਰਾਹੀਂ ਆਸ਼ੀਰਵਾਦ ਯੋਜਨਾ ਦਾ ਲਾਭ ਲੈਣ ਨਾਲ ਆਫਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਵਿੱਚ ਆਉਣ ਵਾਲੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।